ਪੱਤਰ ਪ੍ਰੇਰਕ
ਭੁੱਚੋ ਮੰਡੀ, 17 ਸਤੰਬਰ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਦੇ ਮੈਂਟੀਨੈਂਸ ਸਟਾਫ ਨੇ ਦੋ ਮਹੀਨਿਆਂ ਤੋਂ ਤਨਖਾਹ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਅੱਜ ਕੌਮੀ ਮਾਰਗ ਦੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਜਾਮ ਲਗਾਇਆ ਅਤੇ ਕੰਪਨੀ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮ ਅਨਮੋਲ ਸਿੰਘ, ਵਿੱਕੀ ਸਿੰਘ, ਸੁਖਨਦੀਪ ਸਿੰਘ, ਨਛੱਤਰ ਸਿੰਘ, ਜੀਵਨ ਸਿੰਘ, ਗੁਰਸੇਵਕ ਸਿੰਘ ਅਤੇ ਸੁੱਖਾ ਸਿੰਘ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਅਧੀਨ 17 ਮੁਲਾਜ਼ਮ ਸੜਕ ਦੀ ਮੁਰੰਮਤ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।
ਇਸ ਦੇ ਵਿਰੋਧ ਵਿੱਚ ਉਨ੍ਹਾਂ ਵੱਲੋਂ ਪਿਛਲੇ 10 ਦਿਨਾਂ ਤੋਂ ਵੀਆਈਪੀ ਲੇਨ ’ਤੇ ਧਰਨੇ ਦਿੱਤਾ ਹੋਇਆ ਸੀ, ਪਰ ਅਧਿਕਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਕਾਰਨ ਅੱਜ ਉਨ੍ਹਾਂ ਨੂੰ ਆਪਣਾ ਟਰੈਕਟਰ ਅਤੇ ਜੇਸੀਬੀ ਮਸ਼ੀਨ ਆਦਿ ਨਾਲ ਕੌਮੀ ਮਾਰਗ ਜਾਮ ਕਰਨਾ ਪਿਆ। ਜਾਮ ਦੌਰਾਨ ਨਥਾਣਾ ਦੇ ਐੱਸਐੱਚਓ ਬਿਕਰਮਜੀਤ ਸਿੰਘ ਵੱਲੋਂ 21 ਸਤੰਬਰ ਤੱਕ ਤਨਖਾਹਾਂ ਦਿਵਾਉਣ ਦੇ ਦਿੱਤੇ ਭਰੋਸੇ ਮਗਰੋਂ ਮੁਲਾਜ਼ਮਾਂ ਨੇ ਜਾਮ ਸਮਾਪਤ ਕੀਤਾ।