ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਫਰਵਰੀ
ਇਥੇ ਜਿਲ੍ਹਾ ਭਾਸ਼ਾ ਵਿਭਾਗ ਦੀ ਅਗਵਾਈ ਹੇਠ ਕੌਮਾਂਤਰੀ ਮਾਂ-ਬੋਲੀ ਦਿਵਸ ਉੱਤੇ ਨਵੀਂ ਪੀੜੀ ਨੂੰ ਮਾਂ ਬੋਲੀ ਦੇ ਰਖਵਾਲੇ ਬਣਨ ਦਾ ਸੱਦਾ ਦਿੱਤਾ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ,ਵਿਅੰਗ ਲੇਖਕ ਕੇ.ਐੱਲ. ਗਰਗ, ਅਮਰ ਸੂਫ਼ੀ, ਡਾ. ਸੁਰਜੀਤ ਸਿੰਘ ਦੌਧਰ,ਡਿਪਟੀ ਡੀਈਓ ਰਾਕੇਸ਼ ਮੱਕੜ,ਡੀਪੀਆਰਓ ਪ੍ਰਭਦੀਪ ਸਿੰਘ ਨੱਥੋਵਾਲ ਤੇ ਹੋਰ ਵੱਡੀ ਗਿਣਤੀ ’ਚ ਮਾਂ ਬੋਲੀ ਪ੍ਰੇਮੀਆਂ, ਸਾਹਿਤਕਾਰ, ਕਵੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੋਗਾ ਵਿਖੇ ਨਵੇਂ ਬਣੇ ਭਾਸ਼ਾ ਦਫ਼ਤਰ ਲਈ ਸਰਕਾਰ ਦਾ ਧੰਨਵਾਦ ਕੀਤਾ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ):
ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਭਾਸ਼ਾ ਵਿਭਾਗ ਵੱਲੋਂ ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫਤਰ ਵਿੱਚ ‘ਮਾਤ ਭਾਸ਼ਾ ਦਾ ਮਹੱਤਵ ਅਤੇ ਮਾਂ-ਬੋਲੀ ਅਹਿਦ ਸਮਾਗਮ’ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਦੌਰਾਨ ਕੂੰਜੀਵਤ ਭਾਸ਼ਣ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਡਾਇਰੈਕਟਰ ਡਾ. ਬਲਜਿੰਦਰ ਕੌਰ ਨੇ ਦਿੱਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਤੁਹਿਸ਼ਤਾ ਗੁਲਾਟੀ ਤੇ ਹਰਜੋਤ ਕੌਰ ਪੀਸੀਐੱਸ, ਬਲਕਰਨ ਸਿੰਘ ਜ਼ਿਲ੍ਹਾ ਮਾਲ ਅਫਸਰ ਸ਼ਾਮਲ ਹੋਏ|
ਜ਼ੀਰਾ (ਪੱਤਰ ਪ੍ਰੇਰਕ): ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿੱਚ ਚੇਅਰਮੈਨ ਹਰਜੀਤ ਸਿੰਘ ਸਿੱਧੂ, ਮੈਡਮ ਅਮਰਜੀਤ ਕੌਰ ਸਿੱਧੂ ਅਤੇ ਪ੍ਰਿੰਸੀਪਲ ਅਵਿਨਾਸ਼ ਸਿੰਘ ਦੀ ਅਗਵਾਈ ਹੇਠ ਪੰਜਾਬੀ ਮਾਤ-ਭਾਸ਼ਾ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਪੰਜਾਬ ਵਿੱਚ ਹੋਣ ਜਾਂ ਵਿਦੇਸ਼ ਵਿੱਚ ਹਮੇਸ਼ਾਂ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨਗੇ ਅਤੇ ਵਿਕਾਸ ਵਿੱਚ ਵੀ ਮੋਹਰੀ ਰਹਿਣਗੇ ।
ਸ਼ਹਿਣਾ (ਪੱਤਰ ਪ੍ਰੇਰਕ): ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿੱਚ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ।
ਬਠਿੰਡਾ (ਪੱਤਰ ਪ੍ਰੇਰਕ): ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਅੱਜ ਇੱਥੇ ਅੰਤਰਾਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਡਾ. ਜਸਬੀਰ ਸਿੰਘ ਹੁੰਦਲ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਮੁੱਖ ਮਹਿਮਾਨ ਅਤੇ ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਭਾਸ਼ਾ ਵਿਭਾਗ ਵੱਲੋਂ ਆਲਮੀ ਪੰਜਾਬੀ ਅਦਬ ਫਾਊਡੇਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਸਥਾਨਕ ਦੇਸ਼ ਭਗਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿੱਚ ਕੌਮਾਂਤਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ‘ਮਾਂ ਬੋਲੀ: ਸਾਰਥਿਕਤਾ ਤੇ ਸੰਭਾਵਨਾਵਾਂ’ ਵਿਸ਼ੇ ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਵਿੱਚ ਪੰਜਾਬੀ ਦੇ ਚਿੰਤਕ ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਜਲੌਰ ਸਿੰਘ ਖੀਵਾ, ਪ੍ਰੋ. ਕਮਲਦੀਪ ਸਿੰਘ, ਸ੍ਰੀ ਵਿਜੇ ਵਿਵੇਕ, ਪ੍ਰਿੰ. ਕੁਮਾਰ ਜਗਦੇਵ ਸਿੰਘ, ਅਮਨਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ। ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਭਾਸ਼ਾ ਵਿਭਾਗ ਦੇ ਕੰਮਾਂ ਅਤੇ ਸਕੀਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਭਾਸ਼ਾ ਵਿਭਾਗ ਨੇ ਭਾਸ਼ਣ ਅਤੇ ਕਵਿਤਾ ਪਾਠ ਕਰਵਾਇਆ
ਮਾਨਸਾ (ਪੱਤਰ ਪ੍ਰੇਰਕ): ਭਾਸ਼ਾ ਵਿਭਾਗ ਮਾਨਸਾ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ‘ਮੇਰੀ ਬੋਲੀ ਮੇਰੇ ਲੋਕ’ ਵਿਸ਼ੇ ’ਤੇ ਭਾਸ਼ਣ ਅਤੇ ਕਵਿਤਾ ਪਾਠ ਦਾ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿੱਚ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਹਰਤੇਜ ਕੌਰ ਨੇ ਭਾਸ਼ਾ ਵਿਭਾਗ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਦਿ ਰੋਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿੱਚ ਕਾਲਜ ਭਾਸ਼ਾ ਮੰਚ ਤੇ ਸਾਹਿਤ ਸਭਾ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ’ਕੌਮੀ ਰਾਸ਼ਟਰੀ ਮਾਤ-ਭਾਸ਼ਾ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ।