ਜਸਵੰਤ ਜੱਸ
ਫ਼ਰੀਦਕੋਟ 27 ਫ਼ਰਵਰੀ
ਸਰਕਾਰੀ ਵਿਕਾਸ ਕਾਰਜਾਂ ਵਿੱਚ ਭੱਠੇ ਦੀਆਂ ਇੱਟਾਂ ਦੀ ਥਾਂ ਇੰਟਰਲਾਕ ਟਾਈਲਾਂ ਲੱਗਣ ਦਾ ਕਾਰੋਬਾਰ ਸ਼ੁਰੂ ਹੋਣ ਕਾਰਨ ਜ਼ਿਲ੍ਹੇ ਭਰ ਦੇ ਭੱਠਿਆਂ ਦਾ ਵਜੂਦ ਖ਼ਤਰੇ ਵਿੱਚ ਹੈ। ਫ਼ਰੀਦਕੋਟ ਜ਼ਿਲ੍ਹੇ ਵਿੱਚ 31 ਇੱਟਾਂ ਦੇ ਭੱਠਿਆਂ ਵਿੱਚੋਂ 12 ਭੱਠੇ ਬੰਦ ਹੋ ਗਏ ਹਨ। ਸੂਚਨਾ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਏ ਗਏ ਵਿਕਾਸ ਕਾਰਜਾਂ ਵਿੱਚ ਹੁਣ ਇੱਟਾਂ ਦੀ ਥਾਂ ਇੰਟਰਲਾਕ ਟਾਈਲਾਂ ਦੀ ਵਰਤੋਂ ਨੂੰ ਪਹਿਲ ਦਿੱਤੀ। ਜਿਸ ਕਰਕੇ ਭੱਠਿਆਂ ਦਾ 90 ਫ਼ੀਸਦੀ ਤੱਕ ਕੰਮ ਘਟ ਗਿਆ ਹੈ ਅਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਇਕ ਦਰਜਨ ਇੱਟਾਂ ਦੇ ਭੱਠੇ ਹੋਰ ਬੰਦ ਹੋਣ ਜਾ ਰਹੇ ਹਨ। ਭੱਠਿਆਂ ਦਾ ਕਾਰੋਬਾਰ ਠੱਪ ਹੋਣ ਦਾ ਸਭ ਤੋਂ ਵੱਧ ਨੁਕਸਾਨ ਪਰਵਾਸੀ ਮਜ਼ਦੂਰਾਂ ਨੂੰ ਝੱਲਣਾ ਪੈ ਰਿਹਾ ਹੈ। ਲਗਪਗ ਹਰ ਭੱਠੇ ਉੱਪਰ ਦੋ ਸੌ ਤੋਂ ਵੱਧ ਪਰਵਾਸੀ ਮਜ਼ਦੂਰ ਮਜ਼ਦੂਰੀ ਕਰ ਰਹੇ ਹਨ। ਭੱਠੇ ਬੰਦ ਹੋਣ ਨਾਲ ਇਨ੍ਹਾਂ ਦੀ ਮਜ਼ਦੂਰੀ ਖ਼ਤਮ ਹੋ ਗਈ ਹੈ। ਚਾਰ ਸਾਲਾਂ ਤੋਂ ਫ਼ਰੀਦਕੋਟ ਜ਼ਿਲ੍ਹੇ ਵਿੱਚ ਇੰਟਰਲਾਕ ਦੀਆਂ ਚਾਰ ਦਰਜਨ ਤੋਂ ਵੱਧ ਫੈਕਟਰੀਆਂ ਖੁੱਲ੍ਹੀਆਂ ਹਨ ਅਤੇ ਇਹ ਫੈਕਟਰੀਆਂ ਹਰ ਮਹੀਨੇ 50 ਲੱਖ ਤੋਂ ਵੱਧ ਟਾਈਲ ਜ਼ਿਲ੍ਹੇ ਵਿਚ ਖਪਤ ਕਰ ਰਹੀਆਂ ਹਨ। ਸੂਚਨਾ ਅਨੁਸਾਰ ਸਿਆਸੀ ਪ੍ਰਭਾਵ ਕਰਕੇ ਇੰਟਰਲਾਕ ਟਾਈਲਾਂ ਦਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ। ਭੱਠਾ ਮਾਲਕ ਐਸੋਸੀਏਸ਼ਨ ਦੇ ਮੈਂਬਰ ਪਵਨ ਮਿੱਤਲ ਨੇ ਕਿਹਾ ਕਿ ਹੁਣ ਇੱਟਾਂ ਦੀ ਥਾਂ ਟਾਇਲਾਂ ਨੇ ਲੈ ਲਈ ਹੈ ਜਿਸ ਕਰਕੇ ਭੱਠਿਆਂ ਦਾ ਵਜੂਦ ਪੂਰੀ ਤਰ੍ਹਾਂ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਮਾਲਵੇ ਦੇ 90 ਫ਼ੀਸਦੀ ਇੱਟਾਂ ਦੇ ਭੱਠੇ ਬੰਦ ਹੋਣ ਕਿਨਾਰੇ ਹਨ। ਭਾਰਤ ਸਰਕਾਰ ਦੇ ਗ੍ਰੀਨ ਟ੍ਰਿਬਿਊਨਲ ਦੇ ਸਖ਼ਤ ਹੁਕਮਾਂ ਦਾ ਵੀ ਭੱਠਿਆਂ ਉਪਰ ਕਾਫ਼ੀ ਅਸਰ ਹੋਇਆ ਹੈ। ਟ੍ਰਿਬਿਊਨਲ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਹੈ ਕਿ ਭੱਠਿਆਂ ਵਿੱਚ ਬਾਲਣ ਵਾਲਾ ਕੋਲਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ ਇਸ ਲਈ ਭੱਠਿਆਂ ਨੂੰ ਚਲਾਉਣ ਲਈ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਵੀ ਇਸ ਦੇ ਕਾਰੋਬਾਰ ਨੂੰ ਖ਼ਤਮ ਕਰਨ ਵਿੱਚ ਸ਼ਾਮਲ ਹਨ। ਰਾਜ ਮਿਸਤਰੀ ਦਾ ਕੰਮ ਕਰ ਰਹੇ ਅਮਰੀਕ ਸਿੰਘ ਨੇ ਕਿਹਾ ਕਿ ਇੰਟਰਲਾਕ ਟਾਈਲ ਦਾ ਯੁੱਗ ਹੋਣ ਕਾਰਨ ਭੱਠਿਆਂ ਦੀਆਂ ਇੱਟਾਂ ਦੀ ਮੰਗ ਲਗਾਤਾਰ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਰੇਤ ਅਤੇ ਬਜਰੀ ਦਾ ਕਾਰੋਬਾਰ ਮਾਫੀਆ ਦੇ ਹੱਥ ਵਿੱਚ ਜਾਣ ਕਰਕੇ ਇੰਟਰਲਾਕ ਟਾਈਲਾਂ ਦਾ ਕਾਰੋਬਾਰ ਅਸਮਾਨੀ ਚੜ੍ਹ ਗਿਆ ਹੈ। ਜਦੋਂਕਿ ਇੰਟਰਲਾਕ ਟਾਇਲ ਨਾਲ ਬਣੀਆਂ ਗਲੀਆਂ ਅਤੇ ਸੜਕਾਂ ਘੱਟ ਟਿਕਾਊ ਹਨ। ਇੱਟਾਂ ਦੇ ਭੱਠੇ ਉਪਰ ਠੇਕੇਦਾਰੀ ਦਾ ਕੰਮ ਕਰ ਰਹੇ ਦਵਿੰਦਰ ਸਿੰਘ ਨੇ ਕਿਹਾ ਕਿ ਇੱਟ ਦੀ ਉਸਾਰੀ 50 ਸਾਲ ਤੱਕ ਵਰਤੀ ਜਾ ਸਕਦੀ ਹੈ ਜਦੋਂਕਿ ਇੰਟਰਲਾਕ ਦੋ ਸਾਲ ਵੀ ਨਹੀਂ ਕੱਟਦੀ।