ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਕਤੂਬਰ
ਮੁਲਾਜ਼ਮਾਂ ਨੂੰ ਤਨਖ਼ਾਹਾਂ ਤੇ ਬਕਾਏ ਨਾ ਮਿਲਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਮਿਲਣ, ਕਿਸਾਨਾਂ ਨੂੰ ਜਿਣਸਾਂ ਨਾ ਵਿਕਣ, ਮਜ਼ਦੂਰਾਂ ਨੂੰ ਲੋੜੀਂਦੀ ਦਿਹਾੜੀ ਨਾ ਮਿਲਣ ਅਤੇ ਛੋਟੇ ਦੁਕਾਨਦਾਰਾਂ ਨੂੰ ਮਹਿੰਗਾਈ ਦੇ ਮੱਦੇਨਜ਼ਰ ਘੱਟ ਵਿਕਰੀ ਕਾਰਨ ਇਸ ਵਾਰ ਫਿੱਕੀ ਦੀਵਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੀਵਾਲੀ ਦੇ ਇਨ੍ਹਾਂ ਦਿਨਾਂ ਦੌਰਾਨ ਉਤਸ਼ਾਹ ਦੀ ਭਾਰੀ ਘਾਟ ਅਤੇ ਚੀਜ਼ਾਂ-ਵਸਤਾਂ ਦੀਆਂ ਵਿਕਰੀ ਵੀ ਬਹੁਤ ਘੱਟ ਹੋ ਰਹੀ ਹੈ। ਕਈ ਵਰਗਾਂ ਦੇ ਘਰਾਂ ਵਿੱਚ ਐਤਕੀ ਦੀਵਾਲੀ ਨੂੰ ਦੁੱਖਾਂ ਦੇ ਦੀਵੇ ਬਲ਼ਣੇ ਹਨ। ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਸਰਕਾਰ ਦੇ ਹਜ਼ਾਰਾਂ ਮੁਲਾਜ਼ਮਾਂ ਦੇ ਘਰਾਂ ਵਿਚ ਇਸ ਦਿਨ ਦੀਵਿਆਂ ਦੀ ਰੋਸ਼ਨੀ ਮੱਧਮ ਹੀ ਰਹੇਗੀ, ਕਿਉਂਕਿ ਕਈ ਵਰਗਾਂ ਨੂੰ ਕਈ ਮਹੀਨਿਆਂ ਤੋਂ ਤਨਖ਼ਾਹਾਂ ਹੀ ਨਹੀਂ ਮਿਲੀਆਂ ਅਤੇ ਜਿੰਨਾਂ ਨੂੰ ਤਨਖ਼ਾਹ ਮਿਲੀ ਹੈ, ਉਨ੍ਹਾਂ ਦੇ ਹੋਰ ਭੱਤੇ ਅੜੇ ਪਏ ਹਨ। ਕਈ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕੱਚੀਆਂ-ਪੱਕੀਆਂ ਅਸਾਮੀਆਂ ਅਤੇ ਵਿੱਤ ਵਿਭਾਗ ਤੋਂ ਮਨਜ਼ੂਰੀਆਂ ਨਾ ਮਿਲਣ ਦੇ ਚੱਕਰਾਂ ਵਿਚ ਉਲਝ ਕੇ ਰਹਿ ਗਈਆਂ ਹਨ। ਜਿਹੜੇ ਅਧਿਆਪਕਾਂ ਦੀਆਂ ਤਨਖ਼ਾਹਾਂ ਘੱਟ ਗਈਆਂ ਹਨ ਅਤੇ ਜਿੰਨ੍ਹਾਂ ਦੀਆਂ ਮਾਲਵਾ ਤੋਂ ਬਾਹਰ ਦੀਆਂ ਬਦਲੀਆਂ ਹੋ ਗਈਆਂ ਹਨ, ਉਨ੍ਹਾਂ ਦੇ ਘਰਾਂ ਵਿੱਚ ਆਤਿਸਬਾਜ਼ੀਆਂ ਟੌਰ ਨਾਲ ਉੱਡ ਨਹੀਂ ਸਕਣਗੀਆਂ ਅਤੇ ਨਾ ਹੀ ਖੁਸ਼ੀ ਦੇ ਅਨਾਰ ਤੇ ਪਟਾਕੇ ਚੱਲ ਸਕਣਗੇ। ਇਸ ਸ਼ੁੱਭ ਦਿਹਾੜੇ ’ਤੇ ਦਿੱਤੀਆਂ ਜਾਣ ਵਾਲੀਆਂ ਮਠਿਆਈਆਂ ਅਤੇ ਗਿਫ਼ਟਾਂ ਦੀ ਖ਼ਰੀਦ ਲਈ ਵੀ ਮੁਲਾਜ਼ਮਾਂ ਨੂੰ ਉਧਾਰ ਦੇਣ ਵਾਲਿਆਂ ਵੱਲ ਦੇਖਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਦੀਵਾਲੀ ਅਕਤੂਬਰ ਮਹੀਨੇ ਦੇ ਤੀਜੇ ਹਫ਼ਤੇ (24 ਅਕਤੂਬਰ) ਆਉਣ ਕਾਰਨ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਮਾਮਲਾ ਅੱਧ-ਵਿਚਾਲੇ ਲਟਕਿਆ ਹੋਇਆ ਹੈ।
ਉਧਰ, ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਰਾਹ ਤੁਰ ਕਿਸਾਨਾਂ ਦੇ ਜੀਅ ਇਸ ਵਾਰ ਸਿਵਿਆਂ ’ਚ ਦੀਵੇ ਜਗਾਉਣਗੇ। ਪਿੰਡਾਂ ਵਿਚ ਵੱਡੇ-ਛੋਟੇ ਕਾਰੋਬਾਰੀਆਂ ਲਈ ਵੀ ਦੀਵਾਲੀ ਫਿੱਕੀ ਰਹਿਣ ਦੀ ਸੰਭਾਵਨਾ ਹੈ। ਦਿਹਾਤੀ ਖੇਤਰ ਦੇ ਲੋਕਾਂ ਦਾ ਪਹਿਲਾਂ ਹੀ ਮਹਿੰਗਾਈ ਨੇ ਕਚੂਮਰ ਕੱਢ ਦਿੱਤਾ ਹੈ। ਛੋਟੇ ਕਾਰੋਬਾਰੀਆਂ ਦਾ ਦੱਸਣਾ ਕਿ ਉਨ੍ਹਾਂ ਦਾ ਵਪਾਰ ਅਤੇ ਵਿਕਰੀ ਬੇਹੱਦ ਮੰਦਵਾੜੇ ਵਿਚ ਚੱਲ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਦੋਂ ਕਿਸਾਨਾਂ ਦੀਆਂ ਜਿਣਸਾਂ ਵਿਕਦੀਆਂ ਹਨ ਅਤੇ ਵਿਕੀ ਫ਼ਸਲ ਦਾ ਪੈਸਾ ਕਿਸਾਨ ਦੀਆਂ ਜੇਬਾਂ ਵਿਚ ਪੈਂਦਾ ਹੈ ਤਾਂ ਉਸ ਪੈਸੇ ਨਾਲ ਕਿਸਾਨ ਦੇ ਟੱਬਰ ਅਤੇ ਖੇਤ ਮਜ਼ਦੂਰ ਦੇ ਪਰਿਵਾਰ ਦੇ ਜੀਅ ਹੀ ਦੀਵਾਲੀ ਮਨਾ ਸਕਦੇ ਹਨ, ਪਰ ਜਦੋਂ ਜਿਣਸ ਮੰਡੀਆਂ ਵਿਚ ਰੁਲਦੀ ਹੋਵੇ ਤਾਂ ਦੀਵਾਲੀ ਦੇ ਚਾਅ ਅਧੂਰੇ ਰਹਿ ਜਾਂਦੇ ਹਨ। ਡੀਟੀਐਫ ਦੇ ਜ਼ਿਲ੍ਹਾ ਜਨਰਲ ਸਕੱਤਰ ਅਮੋਲਕ ਸਿੰਘ ਡੇਲੂਆਣਾ ਦਾ ਕਹਿਣਾ ਹੈ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ ਜਦੋਂ ਤਨਖ਼ਾਹ ਨਾਲ ਭਰੀਆਂ ਹੋਣ ਤਾਂ ਹੀ ਤਿੱਥ ਤਿਉਹਾਰ ਸ਼ੋਭਦੇ ਹਨ, ਪਰ ਇਸ ਵਾਰ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ ਹਨ।