ਬਾਘਾ ਪੁਰਾਣਾ: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੱਥੇ ਮਹਿੰਦਰਾ ਪੈਲੇਸ ਵਿਚ ਪਾਰਟੀ ਵੱਲੋਂ ਕਰਵਾਏ ਉਦਯੋਗ ਅਤੇ ਵਪਾਰ ਸੰਮੇਲਨ ਵਿਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸੂਬੇ ਦੀ ਆਰਥਿਕਤਾ ਦਾ ਮੁੱਖ ਧੁਰਾ ਖੇਤੀਬਾੜੀ ਜਾਂ ਉਦਯੋਗ ਹੁੰਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਖੇਤੀ ਆਧਾਰਿਤ ਸੂਬੇ ਪੰਜਾਬ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਨਾ ਤਾਂ ਖੇਤੀ ਹੀ ਪ੍ਰਫੁੱਲਤ ਹੋਣ ਦਿੱਤੀ ਅਤੇ ਨਾ ਹੀ ਖੇਤੀ ਆਧਾਰਿਤ ਉਦਯੋਗਾਂ ਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਦੇ ਰਾਹ ਵਿਚ ਬੇਲੋੜੇ ਟੈਕਸ ਤੇ ਮਾੜੀਆਂ ਨੀਤੀਆਂ ਰਹੀਆਂ ਹਨ। ਵਪਾਰੀਆਂ ਅਤੇ ਸਨਅਤਕਾਰਾਂ ਲਈ ਭ੍ਰਿਸ਼ਟ ਨੇਤਾਵਾਂ ਦੀਆਂ ਕੋਝੀਆਂ ਚਾਲਾਂ ਮੁਸੀਬਤ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਉਦਯੋਗ ਦਾ ਦੂਜੇ ਸੂਬਿਆਂ ਵਿਚ ਚਲੇ ਜਾਣ ਦਾ ਮੁੱਖ ਕਾਰਨ ਇਹੀ ਹੈ ਕਿ ਇੱਥੇ ਇੰਸਪੈਕਟਰੀ ਰਾਜ ਜਾਰੀ ਹੈ। -ਪੱਤਰ ਪ੍ਰੇਰਕ