ਜੋਗਿੰਦਰ ਸਿੰਘ ਮਾਨ
ਮਾਨਸਾ, 7 ਨਵੰਬਰ
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਬਿਹਤਰ ਬਣਾਉਣ ਦੇ ਇੱਕ ਅਹਿਮ ਉਪਰਾਲੇ ਤਹਿਤ ਅੱਜ ਜ਼ਿਲ੍ਹਾ ਮਾਨਸਾ ਦੇ 34 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਆਨਲਾਈਨ ਪ੍ਰਣਾਲੀ ਰਾਹੀਂ ਲੋਕ ਅਰਪਣ ਕੀਤਾ ਗਿਆ। ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿੱਚ ਕਰਵਾਈ ਆਨਲਾਈਨ ਵੀਡੀਓ ਕਾਨਫਰੰਸ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਅੱਜ ਸੂਬੇ ਦੇ ਕਰੀਬ 1500 ਸਰਕਾਰੀ ਸਮਾਰਟ ਸਕੂਲਾਂ ਨੂੰ ਲੋਕ ਅਰਪਣ ਕੀਤਾ। ਉਨ੍ਹਾਂ ਦੱਸਿਆ ਕਿ ਦਲੇਲ ਸਿੰਘ ਵਾਲਾ, ਭੈਣੀਬਾਘਾ, ਜੋਗਾ, ਫੱਤਾ ਮਾਲੋਕਾ ਸਮੇਤ 34 ਸਮਾਰਟ ਸਕੂਲਾਂ ਨੂੰ ਆਨਲਾਈਨ ਸਿਸਟਮ ਤਹਿਤ ਲੋਕ ਅਰਪਣ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ 9 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ 63 ਟੇਬਲੈੇੱਟਾਂ ਦੀ ਵੀ ਰਸਮੀ ਤੌਰ ‘ਤੇ ਵੰਡ ਕੀਤੀ ਗਈ।
ਫ਼ਰੀਦਕੋਟ (ਜਸਵੰਤ ਜੱਸ): ਸਮਾਰਟ ਸਕੂਲਾਂ ਦੇ ਉਦਘਾਟਨਾਂ ਦੀ ਲੜੀ ਤਹਿਤ ਮੁੱਖ ਮੰਤਰੀ ਪੰਜਾਬ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਵੀਡੀਓ ਕਾਨਫ਼ਰੰਸ ਰਾਹੀਂ ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਸਮਾਰਟ ਸਕੂਲਾਂ ਨੂੰ ਲੋਕ ਅਰਪਣ ਕੀਤਾ ਗਿਆ। ਇਸ ਉਦਘਾਟਨੀ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀ ਨੇ ਵੱਖ-ਵੱਖ ਸਕੂਲਾਂ ਦੇ 70 ਵਿਦਿਅਰਾਥੀਆਂ ਨੂੰ ਟੇਬਲੈੱਟ ਵੰਡੇ।
ਬੋਹਾ (ਨਿਰੰਜਣ ਬੋਹਾ): ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸਕੂਲ ਬੋਹਾ ਵੱਲੋਂ ਸਮਾਰਟ ਸਕੂਲ ਦਾ ਦਰਜਾ ਹਾਸਲ ਕਰਨ ’ਤੇ ਇਸ ਦਾ ਆਨਲਾਈਨ ਉਦਘਾਟਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ।
ਭੁੱਚੋ ਮੰਡੀ (ਪਵਨ ਗੋਇਲ): ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਸਰਕਾਰੀ ਕੰਨਿਆ ਹਾਈ ਸਕੂਲ ਦਾ ਸਮਾਰਟ ਸਕੂਲ ਵਜੋਂ ਉਦਘਾਟਨ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਜ਼ਿਲ੍ਹੇ ਵਿੱਚ ਅੱਜ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਮਾਰਟ ਸਕੂਲ ਅਬੁਲ ਖੁਰਾਣਾ, ਕਰਨ ਕੌਰ ਬਰਾੜ ਸਾਬਕਾ ਵਿਧਾਇਕ ਨੇ ਸਮਾਰਟ ਸਕੂਲ ਝਬੇਲਵਾਲੀ, ਗੁਰਵਿੰਦਰ ਸਿੰਘ ਸਰਾਓ ਏਡੀਸੀਡੀ ਨੇ ਸਮਾਰਟ ਸਕੂਲ ਮਿਠੜੀ ਬੁਧਗਿਰ, ਓਮ ਪ੍ਰਕਾਸ਼ ਐੱਸ.ਡੀ.ਐੱਮ ਗਿੱਦੜਬਾਹਾ ਨੇ ਸਮਾਰਟ ਸਕੂਲ ਕੋਟਲੀ ਅਬਲੂ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਹੋਏ ਬੱਚਿਆਂ ਨੂੰ 115 ਟੇਬਲੈੱਟ ਵੰਡੇ ਗਏ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪ੍ਰਬੰਧਕੀ ਕੈਂਪਲੈਕਸ ਵਿੱਚ ਡੀਸੀ ਵੀ ਐੱਮ.ਕੇ.ਅਰਾਵਿੰਦ ਕੁਮਾਰ ਨੇ ਸਕੂਲਾਂ ਦੇ ਬੱਚਿਆਂ ਨੂੰ ਟੇਬਲੈੱਟ ਵੰਡੇ।
ਬਰਨਾਲਾ (ਰਵਿੰਦਰ ਰਵੀ): ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵੱੱਲੋਂ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੇਬਲੈੱਟ ਵੰਡਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਅੱਜ 8 ਪ੍ਰਾਇਮਰੀ ਸਕੂਲਾਂ ਦੇ 56 ਵਿਦਿਆਰਥੀਆਂ ਨੂੰ ਟੇਬਲੈਟਸ ਵੰਡੇ ਗਏ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਵਸੂੰਧਰਾ ਕਪਿਲਾ ਵੀ ਹਾਜ਼ਰ ਸਨ। ਇਸ ਤੋਂ ਇਲਾਵਾ 21 ਸਮਾਰਟ ਸਕੂਲਾਂ ਦਾ ਉਦਘਾਟਨ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਜ਼ਿਲ੍ਹੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 40 ਸਮਾਰਟ ਬਣੇ ਸਰਕਾਰੀ ਸਕੂਲਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਨੂੰ 106 ਟੇਬਲੈਟਸ ਮੁਹੱਈਆ ਕਰਵਾਏ ਗਏ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਜਲਾਲਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦਾ ਸਮਾਰਟ ਸਕੂਲ ਵਜੋਂ ਉਦਘਾਟਨ ਕੀਤਾ ਗਿਆ। ਹਾਲਾਂਕਿ ਇਸ ਉਦਘਾਟਨੀ ਸਮਾਰੋਹ ਦੌਰਾਨ ਵਿਧਾਇਕ ਰਮਿੰਦਰ ਆਵਲਾ ਵੀ ਹਿੱਸਾ ਬਣਨੇ ਸਨ ਪਰ ਜ਼ਰੂਰੀ ਕੰਮ ਕਾਰਨ ਉਹ ਸਕੂਲ ਨਹੀਂ ਪਹੁੰਚ ਸਕੇ।
ਪੰਚਾਂ ਸਰਪੰਚਾਂ ਨੂੰ ਨਜ਼ਰ-ਅੰਦਾਜ਼ ਕਰਨ ’ਤੇ ਪੰਚਾਇਤਾਂ ’ਚ ਰੋਸ
ਸਰਦੂਲਗੜ੍ਹ (ਬਲਜੀਤ ਸਿੰਘ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹੇ ਦੇ ਕਈ ਸਮਾਰਟ ਸਕੂਲਾਂ ਦੇ ਆਨਲਾਈਨ ਉਦਘਾਟਨ ਕੀਤੇ ਗਏ ਹਨ। ਇਨ੍ਹਾਂ ਉਦਘਾਟਨਾਂ ਦੌਰਾਨ ਸਕੂਲਾਂ ਨੂੰ ਸਮਾਰਟ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਪੰਚਾਂ-ਸਰਪੰਚਾਂ ਨੂੰ ਸਿੱਖਿਆ ਵਿਭਾਗ ਵੱਲੋਂ ਨਜ਼ਰ ਅੰਦਾਜ਼ ਕਰਨ ’ਤੇ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਮੂਹ ਸਰਪੰਚਾਂ ਨੇ ਇੱਕ ਮੀਟਿੰਗ ਬਲਾਕ ਸਰਦੂਲਗੜ੍ਹ ਪੰਚਾਇਤ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਸਰਪੰਚ ਅਹਾਲੂਪੁਰ, ਝੁਨੀਰ ਬਲਾਕ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਮੀ ਰਾਏਪੁਰ, ਮਾਨਸਾ ਬਲਾਕ ਦੇ ਪ੍ਰਧਾਨ ਜਗਦੀਪ ਸਿੰਘ ਬਰੁਜ ਢਿੱਲਵਾਂ ਦੀ ਪ੍ਰਧਾਨਗੀ ਹੇਠ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਪਿੰਡਾਂ ਦੇ ਸਰਪੰਚਾਂ ਨੇ ਮਗਨਰੇਗਾ ਫੰਡਾਂ ਅਤੇ ਪਿੰਡਾਂ ਦੇ ਅਹਿਮ ਵਿਅਕਤੀਆਂ ਤੋਂ ਦਾਨ ਇਕੱਠਾ ਕਰਕੇ ਪਿੰਡਾਂ ਦੇ ਸਕੂਲਾਂ ਦੀ ਨੁਹਾਰ ਬਦਲੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਅੱਜ ਉਦਘਾਟਨ ਮੌਕੇ ਪੰਚਾਇਤਾਂ ਨੂੰ ਸਿੱਖਿਆ ਵਿਭਾਗ ਵੱਲੋਂ ਅੱਖੋਂ-ਪਰੋਖੇ ਕਰਨਾ ਵੱਡਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਉਦਘਾਟਨੀ ਸਮਾਗਮਾਂ ਦੇ ਪੰਚਾਇਤਾਂ ਨੂੰ ਸੁਨੇਹੇ ਤੱਕ ਨਹੀਂ ਲਗਾਏ ਗਏ, ਜਿਸ ਕਾਰਨ ਪੰਚਾਇਤਾਂ ਵਿੱਚ ਰੋਸ ਹੈ। ਸਮੂਹ ਸਰਪੰਚਾਂ ਦਾ ਕਹਿਣਾ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ, ਪੰਚ-ਸਰਪੰਚਾਂ ਨੂੰ ਇਸ ਤਰ੍ਹਾਂ ਨਜ਼ਰ ਅੰਦਾਜ਼ ਕਰਨ ਵਾਲੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਆਉਣ ਵਾਲੇ ਸਮੇਂ ਵਿੱਚ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹੇ।