ਟੱਲੇਵਾਲ: ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਪਿੰਡ ਬੀਹਲਾ ਖ਼ੁਰਦ ਵਿੱਚ ਨਵੇਂ ਵਾਟਰ ਵਰਕਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਪੰਡੋਰੀ ਨੇ ਦੱਸਿਆ ਕਿ ਪਿੰਡ ਬੀਹਲਾ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ 36 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਵਾਟਰ ਵਰਕਸ ਤਿਆਰ ਕੀਤਾ ਗਿਆ ਹੈ। ਪਿੰਡ ਦੇ ਹਰ ਘਰ ਨੂੰ ਹੁਣ ਪੀਣ ਲਈ ਸ਼ੁੱਧ ਤੇ ਸਾਫ਼ ਪਾਣੀ ਮਿਲੇਗਾ। ਪਿੰਡ ਦੀ ਪੰਚਾਇਤ ਵੱਲੋਂ ਵਿਧਾਇਕ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਇਸਦੇ ਨਾਲ ਹੀ ਵਿਧਾਇਕ ਪੰਡੋਰੀ ਨੇ ਪਿੰਡ ਗਹਿਲ ਦੀ ਦਾਣਾ ਮੰਡੀ ਵਿੱਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਪੀਏ ਬਿੰਦਰ ਸਿੰਘ ਖਾਲਸਾ, ਸਲਾਹਕਾਰ ਸੁਖਵਿੰਦਰ ਦਾਸ ਬਾਵਾ, ਪ੍ਰਿਤਪਾਲ ਸਿੰਘ ਗਹਿਲ, ਪੁਨੀਤ ਗਹਿਲ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ