ਪੱਤਰ ਪ੍ਰੇਰਕ
ਮਾਨਸਾ, 6 ਅਗਸਤ
ਮਜ਼ਦੂਰਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਾਇਆ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਮੁੜ ਦੁਹਰਾਇਆ ਕਿ ਜਿੰਨਾ ਚਿਰ ਤੱਕ ਉਨ੍ਹਾਂ ਦੀਆਂ ਮੁਸ਼ਕਲਾਂ ਦੀ ਤਾਣੀ ਨਹੀਂ ਸੁਲਝਦੀ, ਓਨਾ ਚਿਰ ਉਹ ਘਰਾਂ ਨੂੰ ਨਹੀਂ ਜਾਣਗੇ। ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਆਮ ਆਦਮੀ ਦੇ ਨਾਂ ’ਤੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਅੱਜ ਜਿੱਥੇ ਹਰ ਪੱਧਰ ’ਤੇ ਮਜ਼ਦੂਰ ਵਰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਉੱਥੇ ਹੀ ਭਾਜਪਾ ਤੋਂ ਵੀ ਪਹਿਲਾਂ ਮਾਨ ਸਰਕਾਰ ਦਲਿਤਾਂ ਦਾ ਰਾਖਵਾਂਕਰਨ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਗਠਨ ਤੋਂ ਬਾਅਦ ਵੀ ਆਪਣੇ ਹੱਕਾਂ ਲਈ ਸੜਕਾਂ ’ਤੇ ਸੰਘਰਸ਼ ਕਰ ਰਹੇ ਮਜ਼ਦੂਰਾਂ ਦੀ ਆਵਾਜ਼ ਮੁੱਖ ਮੰਤਰੀ ਮਾਨ ਨੂੰ ਅਜੇ ਤੱਕ ਸੁਣਾਈ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਾਰ ਹਾੜ੍ਹੀ ਦੇ ਸੀਜ਼ਨ ਵਿੱਚ ਪੇਂਡੂ ਧਨਾਢਾਂ ਵੱਲੋਂ ਵਧਾਈਆਂ ਤੂੜੀ ਅਤੇ ਕਣਕ ਦੀਆਂ ਕੀਮਤਾਂ ਕਾਰਨ ਮਜ਼ਦੂਰਾਂ ਨੂੰ ਪਹਿਲਾਂ ਹੀ ਮੁੱਲ ਕਣਕ ਖਰੀਦਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਦਿਹਾੜੀ ਘੱਟੋ-ਘੱਟ 700 ਰੁਪਏ ਲਾਗੂ ਕਰਵਾਉਣ ਅਤੇ ਪੁਰਾਣੇ ਘਰਾਂ ਦੀ ਮੁਰੰਮਤ ਲਈ ਪਾਸ ਹੋਈਆਂ ਗ੍ਰਾਂਟਾਂ ਜਾਰੀ ਕਰਾਉਣ ਅਤੇ ਕੱਟੇ ਰਾਸ਼ਨ ਕਾਰਡ ਜਾਰੀ ਕਰਵਾਉਣ ਸਮੇਤ ਹੋਰ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਵਿਜੈ ਕੁਮਾਰ, ਮਨਜੀਤ ਕੌਰ ਜੋਗਾ, ਭੋਲਾ ਝੱਬਰ, ਹਾਕਮ ਖਿਆਲਾ, ਕੁਲਵੰਤ ਦਾਤੇਵਾਸ, ਮੱਖਣ ਦਾਤੇਵਾਸ, ਸੁਖਜੀਤ ਰਾਮਾਨੰਦੀ ਤੇ ਜਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।