ਰਵਿੰਦਰ ਰਵੀ
ਬਰਨਾਲਾ, 23 ਜੂਨ
ਅੱਜ ਉਪ ਚੋਣ ਦੇ ਮੱਦੇਨਜ਼ਰ ਜ਼ਿਲੇ ਤਿੰਨੇ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲਕਲਾਂ ਵਿੱਚ ਤਿੰਨ ਮਹੀਨੇ ਪਹਿਲਾਂ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਉਲਟ ਵੋਟਰਾਂ ਵਿੱਚ ਉਤਸ਼ਾਹ ਬਹੁਤ ਘੱਟ ਦੇਖਣ ਨੂੰ ਮਿਲਿਆ। ਇਸ ਵਾਰ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ’ਚ 40 ਪ੍ਰਤੀਸ਼ਤ ਦੇ ਕਰੀਬ ਵੋਟਾਂ ਹੀ ਪਈਆਂ। ਕੁਝ ਬੂਥਾਂ ’ਤੇ ਵੋਟ ਪ੍ਰਤੀਸ਼ਤ ਵਧਣ ਦੀ ਸੰਭਾਵਨਾ ਹੈ। ਜ਼ਿਮਨੀ ਚੋਣ ’ਚ ਵੋਟਰਾਂ ਦਾ ਆਪ ਮੁਹਾਰੇ ਵੋਟ ਨਾ ਪਾਉਣ ਆਉਣਾ ਕਈ ਪ੍ਰਸ਼ਨ ਚਿੰਨ੍ਹ ਖੜ੍ਹੇ ਕਰ ਗਿਆ। ਜਦੋਂਕਿ ਇਸ ਦੇ ਉਲਟ ਵਿਧਾਨ ਸਭਾ ਚੋਣਾਂ ਵਿੱਚ ਸਵੇਰੇ 7 ਵਜੇ ਪੋਲਿੰਗ ਬੂਥਾਂ ’ਤੇ ਲਾਈਨਾਂ ਲੱਗੀਆਂ ਸ਼ੁਰੂ ਹੋ ਗਈਆਂ ਸਨ। ਸ਼ਾਮ ਪੰਜ ਵਜੇ ਤੱਕ ਬਰਨਾਲਾ ਦੇ ਵੱਖ ਵੱਖ ਪੋਲਿੰਗ ਬੂਥਾਂ ’ਤੇ 36.23 ਪ੍ਰਤੀਸ਼ਤ ਮਹਿਲਕਲਾਂ 37 ਪ੍ਰਤੀਸ਼ਤ ਅਤੇ ਭਦੌੜ ਵਿੱਚ 38.02 ਪ੍ਰਤੀਸ਼ਤ ਵੋਟਾਂ ਪਈਆਂ। ਪੰਜ ਵਜੇ ਤੋਂ ਬਾਦ ਜ਼ਿਆਦਾਤਰ ਪੋਲਿੰਗ ਬੂਥ ਖਾਲੀ ਨਜ਼ਰ ਆ ਰਹੇ ਸਨ। ਇਸ ਜ਼ਿਮਨੀ ਚੋਣ ਨੂੰ ਜਿੱਤਣ ਲਈ ਸਾਰੀਆਂ ਪਾਰਟੀਆਂ ਦੇ ਕੌਮੀ ਪੱਧਰ ਦੇ ਆਗੂਆਂ ਵੱਲੋਂ ਪੂਰੀ ਤਾਕਤ ਝੋਕਣ ਦੇ ਬਾਵਜੂਦ ਵੋਟਰਾਂ ਨੇ ਵੋਟ ਪਾਉਣ ਲਈ ਕੋਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਲਈ ਵੀਲ ਚੇਅਰਾਂ ਅਤੇ ਉਨਾਂ ਨੂੰ ਲਿਆਉਣ ਤੇ ਲਿਜਾਣ ਲਈ ਕਰੀਬ 60 ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵੋਟਰਾਂ ਦੀ ਮਦਦ ਲਈ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵਾਲੰਟੀਅਰ ਵੀ ਲਾਏ ਗਏ, ਜਿਨ੍ਹਾਂ ਵੱਲੋਂ ਵੋਟਰਾਂ ਲਈ ਸੇਵਾਵਾਂ ਮੁਹੱਈਆ ਕਰਾਈਆਂ ਗਈਆਂ। ਇਸ ਮੌਕੇ ਬਾਜਵਾ ਪੱਤੀ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਪੁੱਜੇ 80 ਸਾਲ ਦੇ ਬਾਬੂ ਸਿੰਘ ਨੇ ਦੱਸਿਆ ਕਿ ਪੈਰ ’ਤੇ ਸੱਟ ਲੱਗਣ ਕਾਰਨ ਉਹ ਵੋਟ ਪਾਉਣ ਤੋਂ ਅਸਮਰੱਥ ਸੀ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ ਤੋਂ ਪੋਲਿੰਗ ਬੂਥ ’ਤੇ ਲਿਜਾਇਆ ਗਿਆ, ਜਿਸ ਸਦਕਾ ਉਸ ਨੇ ਆਪਣੀ ਵੋਟ ਪਾਈ ਹੈ।
ਜ਼ਿਮਨੀ ਚੋਣ ਲਈ ਪਿੰਡਾਂ ਵਿੱਚ ਉਤਸ਼ਾਹ ਘਟਿਆ
ਪੱਖੋ ਕੈਂਚੀਆਂ (ਪੱਤਰ ਪ੍ਰੇਰਿਕ) ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਘਟਿਆ ਨਜ਼ਰ ਆਇਆ। ਪਿੰਡਾਂ ਵਿੱਚ ਜ਼ਿਆਦਾਤਰ ਪੋਲਿੰਗ ਬੂਥ ਸੁੰਨੇ ਹੀ ਦਿਖ਼ਾਈ ਦਿੱਤੇ ਅਤੇ ਵੋਟ ਪਾਉਣ ਲਈ ਵੋਟਰ ਵੀ ਨਜ਼ਰ ਨਹੀਂ ਆ ਰਹੇ ਸਨ। ਵੋਟ ਪ੍ਰਤੀਸ਼ਤ ਵੀ 40 ਪ੍ਰਤੀਸ਼ਤ ਭੁਗਤਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਕਾਰਨ ਝੋਨੇ ਦਾ ਸੀਜ਼ਨ ਹੋਣ ਕਾਰਨ ਲੋਕ ਆਪਣੇ ਕੰਮਾਕਾਰਾਂ ਵਿੱਚ ਰੁੱਝੇ ਹੋਏ ਸਨ। ਵਿਧਾਨ ਸਭਾ ਚੋਣਾਂ ਦੇ ਤਿੰਨ ਮਹੀਂਨੇ ਬਾਅਦ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਵੋਟਰਾਂ ਨੇ ਵੋਟ ਪਾਉਣ ਲਈ ਕੋਈ ਉਤਸ਼ਾਹ ਨਹੀਂ ਦਿਖਾਇਆ। ਕਈ ਪਿੰਡਾਂ ਵਿੱਚ ਵੱਡੀਆਂ ਪਾਰਟੀਆਂ ਦੇ ਪੋਲਿੰਗ ਏਜੰਟ ਵੀ ਨਜ਼ਰ ਨਹੀਂ ਆਏ।
ਘੱਟ ਵੋਟਿੰਗ ਨੇ ਸਿਆਸੀ ਪਾਰਟੀਆਂ ਦੀ ਚਿੰਤਾ ਵਧਾਈ
ਟੱਲੇਵਾਲ (ਪੱਤਰ ਪ੍ਰੇਰਕ) ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਹੋਈ ਵੋਟਿੰਗ ਨੇ ਪੰਜਾਬ ਦੀ ਰਾਜਨੀਤੀ ਲਈ ਕਈ ਨਵੇਂ ਸੰਕੇਤ ਦਿੱਤੇ ਹਨ। ਨਿਰੋਲ ਪੇਂਡੂ ਇਲਾਕਿਆਂ ’ਚ ਨਵੇਂ ਕਿਸਮ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਕਰੀਬ ਤਿੰਨ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਜ਼ਿਮਨੀ ਚੋਣ ’ਚ ਪੇਂਡੂ ਖੇਤਰਾਂ ’ਚ ਵੋਟ ਪ੍ਰਤੀਸ਼ਤ ਬਹੁਤ ਘੱਟ ਰਹੀ ਹੈ। ਕਰੀਬ 30 ਫ਼ੀਸਦੀ ਵੋਟਿੰਗ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਜਿਸਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਖਾਸ ਕਰ ਆਮ ਸੱਤਾਧਿਰ ਆਮ ਆਦਮੀ ਪਾਰਟੀ ਲਈ ਚਿੰਤਾ ਵਧਾ ਦਿੱਤੀ ਹੈ। ਇਸ ਜਿਮਨੀ ਚੋਣ ਵਿੱਚ ਭਾਜਪਾ ਵੱਲੋਂ ਪਹਿਲੀ ਵਾਰ ਮਾਲਵਾ ਖੇਤਰ ਦੀ ਕੇਂਦਰ ਬਿੰਦੂ ਸੰਗਰੂਰ ਸੀਟ ਤੋਂ ਆਪਣੇ ਦਮ ’ਤੇ ਚੋਣ ਲੜੀ ਗਈ ਤੇ ਇਸ ਚੋਣ ਜ਼ਰੀਏ ਬੀਜੇਪੀ ਪਿੰਡਾਂ ’ਚ ਸਥਾਪਿਤ ਹੁੰਦੀ ਦਿਖਾਈ ਦਿੱਤੀ। ਵਿਧਾਨ ਸਭਾ ਚੋਣਾਂ ਦੌਰਾਨ ਖੇਤੀ ਕਾਨੂੰਨਾਂ ਕਰਕੇ ਭਾਜਪਾ ਦਾ ਪਿੰਡਾਂ ’ਚ ਵੱਡੇ ਪੱਧਰ ’ਤੇ ਵਿਰੋਧ ਹੋਇਆ ਸੀ ਤੇ ਭਾਜਪਾ ਦੇ ਪੋਲਿੰਗ ਬੂਥ ਤੱਕ ਨਹੀਂ ਲੱਗੇ ਸਨ। ਉਥੇ ਇਸਦੇ ਉਲਟ ਇਸ ਚੋਣ ਵਿੱਚ ਬਹੁ ਗਿਣਤੀ ਪਿੰਡਾਂ ਵਿੱਚ ਭਾਜਪਾ ਉਮੀਦਵਾਰ ਦੇ ਪੋਲਿੰਗ ਬੂਥ ਲੱਗੇ ਹੋਏ ਦੇਖਣ ਨੂੰ ਮਿਲੇ, ਜਦੋਂਕਿ ਇੱਕਾ ਦੁੱਕਾ ਪਿੰਡਾਂ ਨੂੰ ਛੱਡ ਕੇ ਭਾਜਪਾ ਦਾ ਕਿਸੇ ਵੀ ਜਗ੍ਹਾ ਵਿਰੋਧ ਤੱਕ ਨਹੀਂ ਹੋਇਆ। ਜਿਸ ਕਰਕੇ ਇਹ ਚੋਣ ਭਾਜਪਾ ਨੂੰ ਪਿੰਡਾਂ ਵਿੱਚ ਪੈਰ ਜਮਾਉਣ ਵਿੱਚ ਸਹਾਇਕ ਸਿੱਧ ਹੋਈ ਹੈ। ਇਸ ਚੋਣ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਤੇ ਮਹਿਲ ਕਲਾਂ ਦੇ ਪੇਂਡੂ ਖ਼ੇਤਰਾਂ ਵਿੱਚ ਸਭ ਤੋਂ ਵੱਧ ਸ੍ਰੋਮਣੀ ਅਕਾਲੀ ਦਲ (ਅ) ਦੇ ਪੋਲਿੰਗ ਬੂਥਾਂ ’ਤੇ ਰੌਣਕ ਦੇਖਣ ਨੂੰ ਮਿਲੀ ਹੈ।