ਜੋਗਿੰਦਰ ਸਿੰਘ ਮਾਨ
ਮਾਨਸਾ, 22 ਫਰਵਰੀ
ਇਥੇ ਵਿਧਾਨ ਸਭਾ ਚੋਣਾਂ ਨੇ ਸ਼ਹਿਰਾਂ ਦੇ ਬਾਜ਼ਾਰਾਂ ਨੂੰ ਭੀੜਾ ਕਰ ਦਿੱਤਾ ਹੈ। ਜਿਹੜੇ ਬਾਜ਼ਾਰਾਂ ਵਿੱਚ ਪਹਿਲਾਂ ਆਸਾਨੀ ਨਾਲ ਲੰਘਿਆ ਜਾਂਦਾ ਸੀ, ਉਨ੍ਹਾਂ ਵਿੱਚ ਹੁਣ ਲੰਘਣਾ ਸੌਖਾ ਨਹੀਂ ਰਿਹਾ। ਚੋਣਾਂ ਲੰਘਣ ਤੋਂ 72 ਘੰਟਿਆਂ ਪਿੱਛੋਂ ਵੀ ਅਧਿਕਾਰੀਆਂ ਨੇ ਟਰੈਫ਼ਿਕ ਪ੍ਰਬੰਧਾਂ ਨੂੰ ਦੁਰਸਤ ਕਰਨ ਦਾ ਉਪਰਾਲਾ ਨਹੀਂ ਕੀਤਾ।
ਮਾਨਸਾ ਸ਼ਹਿਰ ਵਿੱਚ ਦੁਕਾਨਦਾਰਾਂ ਦੇ ਅਜਿਹੇ ਨਾਜਾਇਜ਼ ਕਬਜ਼ੇ ਅਤੇ ਵਾਧਰੇ ਲੋਕਾਂ ਦੀ ਆਵਾਜਾਈ ਵਿੱਚ ਭਾਰੀ ਰੁਕਾਵਟ ਪਾ ਰਹੇ ਹਨ, ਜਿਸ ਕਾਰਨ ਬੇਲੋੜਾ ਭੀੜ-ਭੜੱਕਾ ਵੱਧਦਾ ਜਾ ਰਿਹਾ ਹੈ ਅਤੇ ਲਾਂਘਿਆਂ ਦੇ ਰੁਕਣ ਕਾਰਨ ਕਈ ਥਾਵਾਂ ’ਤੇ ਤੁਰਕੇ ਲੰਘਣਾ ਵੀ ਮੁਹਾਲ ਹੋ ਗਿਆ ਹੈ। ਸ਼ਹਿਰੀਆਂ ਅਤੇ ਬਾਹਰੋਂ ਪਿੰਡਾਂ ’ਚੋਂ ਸ਼ਹਿਰ ਵਿੱਚ ਆਪਣੇ ਕੰਮੀ-ਕਾਜੀ ਆਏ ਲੋਕਾਂ ਨੂੰ ਆਪਣੇ ਕੰਮਾਂ ਦੇ ਨਿਪਟਾਰੇ ਵਿੱਚ ਇਨ੍ਹਾਂ ਆਵਾਜਾਈ ਅੜਿੱਕਿਆਂ ਕਾਰਨ ਆਮ ਦੇ ਮੁਕਾਬਲੇ ਦੁੱਗਣਾ ਸਮਾਂ ਲੱਗਦਾ ਹੈ। ਮਾਨਸਾ ਸ਼ਹਿਰ ਦੇ ਬੱਸ ਅੱਡੇ ਤੋਂ ਰੇਲਵੇ ਫਾਟਕ ਅਤੇ ਅੱਗੇ ਗੁਰਦੁਆਰਾ ਚੌਕ ਰਾਹੀਂ ਬਾਰਾਂ ਹੱਟਾਂ ਤੱਕ ਜਾਂਦੀ ਮੁੱਖ ਸੜਕ ਦੇ ਦੋਹਾਂ ਪਾਸਿਆਂ ਦੇ ਦੁਕਾਨਦਾਰਾਂ ਵੱਲੋਂ ਕਈ-ਕਈ ਫੁੱਟ ਆਪਣਾ ਸਾਮਾਨ ਰੱਖ ਕੇ ਰੋਕੀ ਹੋਈ ਹੈ, ਜਿਸ ਕਰਕੇ ਆਮ ਜਨਤਾ ਦਾ ਇਥੋਂ ਲੰਘਣਾ ਵੀ ਦੁੱਭਰ ਹੋ ਗਿਆ ਹੈ। ਵਨ-ਵੇਅ ਰੋਡ ਅਤੇ ਜਵਾਹਰਕੇ ਰੋਡ ਉੱਤੇ ਵੱਡੀ ਗਿਣਤੀ ਵਿੱਚ ਦੁਕਾਨਾਂ ਵਾਲਿਆਂ ਕਰ ਕੇ ਵਾਹਨਾਂ ਦੇ ਲਾਂਘੇ ਵਿੱਚ ਵੱਡੀਆਂ ਰੁਕਾਵਟਾਂ ਪੈਦਾ ਹੋ ਰਹੀਆਂ ਹਨ। ਕਈ ਵਾਰ ਤਾਂ ਦੋ ਵਾਹਨ ਇੱਕੋ ਸਮੇਂ ਸੜਕ ਤੋਂ ਇੱਕ ਦੂਜੇ ਨੂੰ ਕਰਾਸ ਕਰਦੇ ਹਨ ਤਾਂ ਸਾਈਡਾਂ ’ਤੇ ਰੱਖਿਆ ਸਾਮਾਨ ਸੜਕ ਨੂੰ ਬਿਲਕੁਲ ਬੰਦ ਹੀ ਕਰ ਦਿੰਦਾ ਹੈ ਅਤੇ ਜਾਮ ਲੰਘਣ ਦਾ ਕਾਰਨ ਬਣਦਾ ਹੈ।
ਚੋਣਾਂ ਵਿੱਚ ਰੁੱਝੇ ਹੋਣ ਕਾਰਨ ਸਮੱਸਿਆ ਵਧੀ: ਡੀਸੀ
ਇਸੇ ਦੌਰਾਨ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਜਿਹੇ ਨਾਜਾਇਜ਼ ਕਬਜ਼ੇ ਲਈ ਚੁੱਪ ਨਹੀਂ ਕੀਤਾ, ਸਗੋਂ ਪ੍ਰਸ਼ਾਸਨ ਵਲੋਂ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਪਰ ਚੋਣਾਂ ਵਿੱਚ ਰੁੱਝੇ ਹੋਣ ਕਾਰਨ ਅਧਿਕਾਰੀਆਂ ਵੱਲੋਂ ਸ਼ਹਿਰ ਦਾ ਚੱਕਰ ਲਾਇਆ ਨਹੀਂ ਜਾ ਸਕਿਆ ਹੈ, ਜਿਸ ਨੂੰ ਹੁਣ ਛੇਤੀ ਸ਼ੁਰੂ ਕਰ ਦਿੱਤਾ ਜਾਵੇਗਾ।