ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 8 ਅਪਰੈਲ
ਇਥੇ ਬੀ.ਐੱਡ. ਕਾਲਜ ਲਈ ਰਾਖਵੀਂ ਪਈ ਥਾਂ ਵਿੱਚ ਖੜ੍ਹੇ ਸਰਕੰਡੇ ਨੂੰ ਅਚਾਨਕ ਅੱਗ ਲੱਗ ਗਈ। 10 ਏਕੜ ਤੋਂ ਵੱਧ ਰਕਬੇ ਵਿੱਚ ਫੈਲੀ ਇਸ ਅੱਗ ਨਾਲ ਸੈਂਕੜੇ ਰੁੱਖ ਵੀ ਸੜ ਕੇ ਸੁਆਹ ਹੋ ਗਏ। ਫ਼ਰੀਦਕੋਟ ਅਤੇ ਕੋਟਕਪੂਰਾ ਦੇ ਚਾਰ ਅੱਗ ਬੁਝਾਊ ਦਸਤਿਆਂ ਨੇ ਤਿੰਨ ਘੰਟੇ ਦੀ ਲੰਬੀ ਜੱਦੋ ਜਹਿਦ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ। ਇਸ ਅੱਗ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਨੇ ਕਿਹਾ ਕਿ ਅਚਾਨਕ ਸਰਕੰਡੇ ਨੂੰ ਅੱਗ ਲੱਗਣ ਨਾਲ ਕੁਝ ਰੁੱਖਾਂ ਅਤੇ ਪੰਛੀਆਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਰਕੰਡੇ ਵਿੱਚ ਪਸ਼ੂ ਅਤੇ ਬੱਕਰੀਆਂ ਚਾਰਨ ਵਾਲੇ ਅਕਸਰ ਆਉਂਦੇ ਹਨ ਅਤੇ ਇੱਥੇ ਦੁਪਹਿਰ ਵੇਲੇ ਉਨ੍ਹਾਂ ਵੱਲੋਂ ਚਾਹ ਵਗੈਰਾ ਬਣਾਈ ਜਾਂਦੀ ਹੈ। ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਅੱਗ ਬੁਝਾਊ ਦਸਤਿਆਂ ਦੀ ਮਿਹਨਤ ਸਦਕਾ ਅੱਗ ਉੱਪਰ ਕਾਬੂ ਪਾਉਣ ਨਾਲ ਵੱਡਾ ਹਾਦਸਾ ਟਲ ਗਿਆ ਹੈ ਕਿਉਂਕਿ ਸਰਕੰਡੇ ਦੇ ਨਾਲ ਸੈਂਕੜੇ ਏਕੜ ਪੱਕੀ ਕਣਕ ਵੀ ਖੜ੍ਹੀ ਸੀ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜਨਤਕ ਥਾਵਾਂ ‘ਤੇ ਅੱਗ ਬਾਲਣ ਆਦਿ ਵਰਗੀਆਂ ਗਤੀਵਿਧੀਆਂ ਉੱਪਰ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਅੱਗ ਲੱਗਣ ਵਰਗੀਆਂ ਘਟਨਾਵਾਂ ਦਾ ਖਦਸ਼ਾ ਵਧਿਆ ਹੋਇਆ ਹੈ। ਇਸ ਲਈ ਪੁਲੀਸ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਚੌਕਸ ਰਹਿਣ ਲਈ ਕਿਹਾ ਹੈ।