ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 15 ਜੂਨ
ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਇਲਾਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਚਾਰ ਨੌਜਵਾਨਾਂ ਦਾ ਇੱਥੋਂ ਦੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਜੀ ਵਿਖੇ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਕੈਪਟਨ ਧਰਮ ਸਿੰਘ ਅਤੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਦੇ ਨੌਜਵਾਨ ਜਸਪਿੰਦਰ ਸਿੰਘ ਭੁੱਲਰ ਨੇ ਯੂ.ਪੀ.ਐੱਸ.ਸੀ ਦੀ ਪ੍ਰੀਖਿਆ ਵਿੱਚ 33ਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮੋਗੇ ਦੀ ਵਸਨੀਕ ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਚੁਣੀ ਗਈ ਹੈ। ਫਿਰੋਜ਼ਪੁਰ ਦੇ ਭੁਪਿੰਦਰਪਾਲ ਸਿੰਘ ਨੇ ‘ਖੇਲੋ ਇੰਡੀਆ’ ਵਿੱਚ ਗਤਕਾ ਖੇਡ ਕੇ ਗੋਲਡ ਮੈਡਲ ਹਾਸਲ ਕੀਤਾ। ਫਰੀਦਕੋਟ ਦਾਾ ਸਾਹਿਬਜੀਤ ਸਿੰਘ ਉਮਰ ਵਰਗ ਅੰਡਰ-16 ਵਿੱਚ ਭਾਰਤ ਦੀ ਬਾਸਕਿਟਬਾਲ ਟੀਮ ਵਿੱਚ ਚੁਣਿਆ ਗਿਆ ਹੈ। ਵਿਧਾਇਕ ਨੇ ਨੌਜਵਾਨਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਤਾਵਰਨ ਬਚਾਓ ਮੁਹਿੰਮ ਤਹਿਤ ਪੌਦੇ ਵੰਡੇ। ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਹੋਣਹਾਰ ਨੌਜਵਾਨਾਂ ਨੂੰ ਦੇਸ਼ ਵਿੱਚ ਚੰਗੇ ਰੁਜ਼ਗਾਰ ਦੇ ਮੌਕੇ ਦੇਵੇਗੀ।