ਪੱਤਰ ਪ੍ਰੇਰਕ
ਟੱਲੇਵਾਲ, 7 ਮਈ
ਪਿੰਡ ਰਾਮਗੜ੍ਹ ਦੀ ਪੰਚਾਇਤ ਵੱਲੋਂ ਸਰਪੰਚ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਪਿੰਡ ਦੇ ਵਿਦੇਸ਼ਾਂ ਵਿੱਚ ਵੱਸਦੇ ਐੱਨਆਰਆਈਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ’ਤੇ ਘਰ-ਘਰ ਜਾ ਕੇ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰਾਜਵਿੰਦਰ ਰਾਜਾ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਕਾਰ ਤੋਂ ਬਾਅਦ ਸੱਤ ਸਮੁੰਦਰੋਂ ਪਾਰ ਬੈਠੇ ਐੱਨਆਰਆਈਜ਼ ਦਾ ਵੱਡਾ ਸਾਥ ਮਿਲਣ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਇਸ ਲਈ ਉਹ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢਦੇ ਹੋਏ ਆਪੋ-ਆਪਣੇ ਪਿੰਡਾਂ ਦੀ ਨੁਹਾਰ ਬਦਲ ਰਹੇ ਹਨ। ਪਿੰਡ ਰਾਮਗੜ੍ਹ ਦੇ ਸਮੁੱਚੇ ਐੱਨਆਰਆਈਜ਼ ਭਰਾਵਾਂ ਨੇ ਪੰਚਾਇਤ ਦਾ ਪੂਰਨ ਸਹਿਯੋਗ ਦਿੱਤਾ। ਵਿਕਾਸ ਕਾਰਜਾਂ ਲਈ ਸਮਾਜ ਸੇਵੀ ਮੇਜਰ ਸਿੰਘ ਸਿੱਧੂ ਵਲੋਂ 1 ਲੱਖ 30 ਹਜ਼ਾਰ ਰੁਪਏ, ਅਮਰਜੀਤ ਸਿੰਘ ਚਹਿਲ ਵਲੋਂ 1 ਲੱਖ ਰੁਪਏ ਤੇ ਸੁਖਵਿੰਦਰ ਸਿੰਘ ਕੈਨੇਡਾ ਵਲੋਂ ਵੀ ਇਕ ਲੱਖ ਦੀ ਰਾਸ਼ੀ ਪੰਚਾਇਤ ਨੂੰ ਭੇਟ ਕੀਤੀ ਗਈ। ਪੰਚਾਇਤ ਵੱਲੋਂ ਮੇਜਰ ਸਿੰਘ ਸਿੱਧੂ ਕੈਨੇਡਾ, ਅਮਰਜੀਤ ਸਿੰਘ ਚਹਿਲ ਕੈਨੇਡਾ ਅਤੇ ਮਾਸਟਰ ਚਮਕੌਰ ਸਿੰਘ ਕੈਨੇਡਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।