ਫਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਇੱਥੋਂ ਦਾ ਨੌਜਵਾਨ ਦਪਿੰਦਰਜੀਤ ਸਿੰਘ ਸੋਨੂੰ ਲਗਾਤਾਰ ਇੱਕ ਸਾਲ ਤੇਰਾਂ ਦਿਨ ਦਿੱਲੀ ਮੋਰਚੇ ਵਿੱਚ ਡਟੇ ਰਹਿਣ ਮਗਰੋਂ ਬੀਤੀ ਦੇਰ ਸ਼ਾਮ ਘਰ ਪਰਤਿਆ। ਉਹ ਲਗਾਤਾਰ ਇਕ ਸਾਲ ਤੇਰਾਂ ਦਿਨ ਦਿੱਲੀ ਦੀ ਟਿਕਰੀ ਹੱਦ ’ਤੇ ਮੋਰਚੇ ਵਿੱਚ ਡਟਿਆ ਰਿਹਾ। ਬੀਤੀ ਸ਼ਾਮ ਘਰ ਪਰਤਣ ’ਤੇ ਪਿੰਡ ਵਾਸੀਆਂ ਨੇ ਦਪਿੰਦਰਜੀਤ ਸਿੰਘ ਨੂੰ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਆ ਅਤੇ ਢੋਲ ਧਮੱਕੇ ਨਾਲ ਪਿੰਡ ਦਾ ਗੇੜਾ ਕੱਢਿਆ। ਗੁਰਦੁਆਰਾ ਸਿੰਘ ਸਭਾ ਵਿੱਚ ਆ ਕੇ ਅਰਦਾਸ ਕੀਤੀ। ਇਸ ਮੌਕੇ ਗੁਰਮਤਿ ਪ੍ਰਚਾਰਕ ਸਭਾ ਨੇ ਨੌਜਵਾਨ ਸੋਨੂੰ ਅਤੇ ਉਸ ਦੇ ਸਾਥੀਆਂ ਨੂੰ ਸਿਰੋਪਾ ਭੇਟ ਕੀਤੇ।
ਕਿਸਾਨੀ ਸੰਘਰਸ਼ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਇੱਥੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੱਕੇ ਧਰਨੇ ਦੀ ਸਮਾਪਤੀ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਕੋਟਭਾਈ, ਬਲਜਿੰਦਰ ਸਿੰਘ ਖਾਲਸਾ ਗੁਰੂਸਰ ਪ੍ਰੈਸ ਸਕੱਤਰ ਅਤੇ ਕਾਰਜਕਾਰੀ ਬਲਾਕ ਪਧਾਨ ਸੁਖਮੰਦਰ ਸਿੰਘ ਹੁਸਨਰ ਦੀ ਅਗਵਾਈ ਹੇਠ ਅੱਜ ਜੀਐੱਨਆਰ ਗਿੱਦੜਬਾਹਾ ਵਿੱਚ ਸਾਦਾ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਨਰਿੰਦਰ ਸਿੰਘ ਡੀਐਸਪੀ ਗਿੱਦੜਬਾਹਾ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਥਾਣਾ ਗਿੱਦੜਬਾਹਾ ਦੇ ਐੱਸਐਚਓ ਮਨਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਅਤੇ ਪੱਤਰਕਾਰਾਂ ਨੂੰ ਕਿਸਾਨਾਂ ਵੱਲੋਂ ਸਨਮਾਨਿਆ ਗਿਆ।