ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਸਤੰਬਰ
ਸਿਵਲ ਹਸਪਤਾਲ ਵਿਚ ਸਰਜੀਕਲ ਵਾਰਡ ’ਚ ਦਾਖ਼ਲ ਬਜ਼ੁਰਗ ਸਣੇ ਦੋ ਮਰੀਜ਼ਾਂ ਨੂੰ ਆਖਰ ਟਿਕਾਣਾ ਮਿਲ ਗਿਆ। ਬਜ਼ੁਰਗ ਦੀ ਲੱਤ ’ਚ ਹੋਏ ਜਖ਼ਮ ਉੱਤੇ ਕੀੜੇ ਚੱਲ ਰਹੇ ਸਨ। ਰੂਰਲ ਐਨਜੀਓ ਚੇਅਰਮੈਨ ਮਹਿੰਦਰ ਪਾਲ ਲੂੰਬਾ ਦੀ ਪਹਿਲ ’ਤੇ ਬਜ਼ੁਰਗ ਸੰਭਾਲ ਸੰਸਥਾ ਪ੍ਰਾਜੈਕਟ ਇੰਚਾਰਜ ਬਲਕਾਰ ਸਿੰਘ ਲੰਢੇਕੇ ਦੋਵੇਂ ਮਰੀਜ਼ਾਂ ਨੂੰ ਪਿੰਗਲਵਾੜਾ ਅੰਮ੍ਰਿਤਸਰ ਲੈ ਗਏ।
ਐੱਸਐੱਮਓ. ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਬਜ਼ੁਰਗ ਨਰੈਣ ਦਾਸ 28 ਅਗਸਤ ਤੋਂ ਅਤੇ ਪੰਕਜ ਨਾਂ ਦਾ ਨੌਜਵਾਨ 4 ਸਤੰਬਰ ਤੋਂ ਲੱਤਾਂ ਟੁੱਟਣ ਕਾਰਨ ਦਾਖ਼ਲ ਸਨ। ਦੋਵੇਂ ਦੇ ਲਾਵਾਰਿਸ ਹੋਣ ਬਾਰੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਡਾ. ਗਗਨ ਨੇ ਦੋਵਾਂ ਮਰੀਜ਼ਾਂ ਦੀਆਂ ਲੱਤਾਂ ’ਤੇ ਪਲੱਸਤਰ ਲਗਾ ਦਿੱਤਾ ਪਰ ਉਨ੍ਹਾਂ ਦੀ ਸੰਭਾਲ ਵਾਲਾ ਕੋਈ ਸੀ। ਰੂਰਲ ਐਨਜੀਓ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੂੰ ਲਾਵਾਰਸ ਮਰੀਜ਼ਾਂ ਨੂੰ ਪਿੰਗਲਵਾੜਾ ਅੰਮ੍ਰਿਤਸਰ ਭੇਜਣ ਦੀ ਅਪੀਲ ਕੀਤੀ। ਪੁਲੀਸ ਦੀ ਕਾਰਵਾਈ ਤੋਂ ਬਾਅਦ ਅੱਜ ਦੋਵਾਂ ਨੂੰ ਪਿੰਗਲਵਾੜਾ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ।