ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਮਾਰਚ
ਪਿਛਲੇ ਦੋ ਸਾਲਾਂ ਤੋਂ ਕਰੋਨਾ ਦੇ ਚਲਦਿਆਂ ਸਖ਼ਤੀ ਕਾਰਨ ਲੋਕ ਹੋਲੀ ਦਾ ਤਿਉਹਾਰ ਖੁੱਲ੍ਹ ਕੇ ਨਹੀਂ ਮਨਾ ਸਕੇ ਸਨ ਪਰ ਇਸ ਵਾਰ ਕਰੋਨਾ ਤੋਂ ਮਿਲੀ ਰਾਹਤ ਦੇ ਚਲਦਿਆਂ ਲੋਕਾਂ ਨੇ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ। ਕਰੀਬ ਦੋ ਸਾਲਾਂ ਬਾਅਦ ਹੋਲੀ ਪ੍ਰਤੀ ਲੋਕਾਂ ’ਚ ਪਹਿਲਾਂ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ। ਇਸੇ ਦੌਰਾਨ ਜਲਾਲਾਬਾਦ ਰੋਡ ਸਥਿਤ ਆਦ ਰਾਮ ਸਟਰੀਟ ਦੇ ਵਾਸੀਆਂ ਨੇ ਮੁੰਬਈ ਸਟਾਈਲ ’ਚ ਘੜਾ ਭੰਨ ਕੇ ਹੋਲੀ ਦਾ ਅਨੋਖਾ ਰੰਗ ਜਮਾਇਆ। ਇਸ ਤੋਂ ਉਪਰੰਤ ਮੁਹੱਲੇ ਦੇ ਨੌਜਵਾਨ ਇੱਕਠੇ ਹੋ ਕੇ ਸ਼ਿਵ ਧਾਮ ਦੇ ਬਣੇ ਪਾਰਕ ਵਿੱਚ ਪਹੁੰਚੇ, ਜਿੱਥੇ ਸਾਰਿਆਂ ਨੇ ਰਲ-ਮਿਲ ਕੇ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਝੁਨੀਰ (ਸੁਰਜੀਤ ਵਸ਼ਿਸ਼ਟ): ਪਿੰਡ ਝੰਡੂਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹੋਲੀ ਦਾ ਤਿਉਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਕੂਲ ਵਿੱਚ ਰੰਗਾਰੰਗ ਪ੍ਰੋਗਰਾਮ ਵੀ ਕਰਵਾਏ ਗਏ। ਇਸ ਮੌਕੇ ਸਕੂਲ ਮੁਖੀ ਊਧਮ ਮੰਦਰਾਂ, ਅਧਿਆਪਕ ਹਰਬੰਸ ਸਿੰਘ ਅਤੇ ਸੁਖਦੀਪ ਸਿੰਘ, ਬਲਵੀਰ ਕੌਰ ਅਤੇ ਜਸਵੀਰ ਕੌਰ ਹਾਜ਼ਰ ਸਨ।
ਸਰਦੂਲਗੜ੍ਹ (ਬਲਜੀਤ ਸਿੰਘ): ਸ਼ਹਿਰ ਵਿੱਚ ਹੋਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਪੁਲੀਸ ਨੇ ਪੁਖਤਾ ਇੰਤਜ਼ਾਮ ਕੀਤੇ ਸਨ। ਇਸ ਮੌਕੇ ਰੰਗਾਂ ਦੇ ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਹੋਲੀ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਸੀ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਇਲਾਕੇ ’ਚ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਨੇੜਲੇ ਪਿੰਡਾਂ ਉੱਗੋਕੇ, ਬੁਰਜ, ਮੌੜ ਤੇ ਸੁੱਖਪੁਰਾ ’ਚ ਵੀ ਹੋਲੀ ਮਨਾਈ ਗਈ।
ਏਲਨਾਬਾਦ (ਪੱਤਰ ਪ੍ਰੇਰਕ): ਸਬ-ਡਿਵੀਜ਼ਨਲ ਲੀਗਲ ਸਰਵਿਸ ਅਥਾਰਿਟੀ ਵੱਲੋਂ ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਅਸ਼ੋਕ ਕੁਮਾਰ ਦੇ ਆਦੇਸ਼ ਅਨੁਸਾਰ ਪਿੰਡ ਮਿੱਠੀ ਸੁਰੇਰਾਂ ਵਿੱਚ ਹੋਲੀ ਤਿਉਹਾਰ ਅਤੇ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਲਿਟਲ ਕਿਡਜ਼ ਪਲੇਅ ਵੇਅ ਸਕੂਲ ਵਿੱਚ ਪ੍ਰਬੰਧਕ ਮਹਿਕ ਜਿੰਦਲ ਦੀ ਅਗਵਾਈ ਹੇਠ ਬੱਚਿਆਂ ਨੇ ਹੋਲੀ ਮਨਾਈ।
ਬਰੇਟਾ (ਪੱਤਰ ਪ੍ਰੇਰਕ): ਇਥੇ ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਵੱਲੋਂ ਹੋਲੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਮਹਿਲਾਵਾਂ ਵੱਲੋਂ ਸ਼ਾਮਲ ਹੋ ਕੇ ਰੰਗ ਗੁਲਾਲ ਖੇਡਿਆ ਗਿਆ।
ਤਪਾ ਮੰਡੀ (ਪੱਤਰ ਪ੍ਰੇਰਕ): ਸ਼ਹਿਰ ’ਚ ਹੋਲੀ ਦਾ ਤਿਉਹਾਰ ਬੜੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਵੱਧ ਲੁਤਫ਼ ਬੱਚਿਆਂ ਨੇ ਉਠਾਇਆ।
ਵਿਧਾਇਕ ਗਿੱਲ ਨੇ ਸਮਰਥਕਾਂ ਨਾਲ ਹੋਲੀ ਖੇਡੀ
ਬਠਿੰਡਾ (ਪੱਤਰ ਪ੍ਰੇਰਕ): ਹੋਲੀ ਵਾਲੇ ਦਿਨ ਸ਼ਹਿਰ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਵਾਲੇ ਬਾਅਦ ‘ਆਪ’ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਵਿਧਾਇਕ ਬਣਨ ਤੋਂ ਬਾਅਦ ਖੁੱਲ੍ਹੀ ਜੀਪ ’ਚ ਸਵਾਰ ਹੋ ਕੇ ਆਪਣੇ ਸਮਰਥਕਾਂ ਨਾਲ ਹੋਲੀ ਖੇਡੀ। ਬਠਿੰਡਾ ’ਚ ਲੋਕਾਂ ਨੇ ਹੋਲੀ ਖੇਡਦਿਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾਅਰੇ ਲਾ ਕੇ ਖੁਸ਼ੀ ਮਨਾਈ।