ਜਗਤਾਰ ਸਮਾਲਸਰ
ਏਲਨਾਬਾਦ, 26 ਜੂਨ
ਹਲਕੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਪਏ ਗੜਿਆਂ ਅਤੇ ਤੇਜ਼ ਹਨੇਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਰਾਜਸਥਾਨ ਸੀਮਾ ਨਾਲ ਲੱਗਦੇ ਪਿੰਡਾਂ ਮਿਠੁਨਪੁਰਾ, ਕਿਸ਼ਨਪੁਰਾ, ਕਰਮਸ਼ਾਨਾ, ਖਾਰੀ ਸੁਰੇਰਾ, ਨੀਮਲਾ, ਢਾਣੀ ਸ਼ੇਰਾ ਆਦਿ ਵਿੱਚ ਆਈ ਤੇਜ਼ ਹਨੇਰੀ ਅਤੇ ਗੜਿਆਂ ਨਾਲ ਨਰਮੇ, ਕਪਾਹ ਅਤੇ ਹੋਰ ਫ਼ਸਲਾਂ ਝੰਬੀਆਂ ਗਈਆਂ।
ਕਿਸਾਨਾਂ ਨੇ ਦੱਸਿਆ ਕਿ ਇਸ ਕੁਦਰਤੀ ਕਰੋਪੀ ਕਾਰਨ ਉਨ੍ਹਾਂ ਦੀਆਂ ਕਰੀਬ 50 ਪ੍ਰਤੀਸ਼ਤ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ। ਨਰਮੇ ਤੇ ਕਪਾਹ ਦੀ ਫ਼ਸਲ ਦੇ ਪੱਤੇ ਟੁੱਟ ਕੇ ਧਰਤੀ ’ਤੇ ਡਿੱਗ ਪਏ ਹਨ ਅਤੇ ਗੜਿਆਂ ਨਾਲ ਪੱਤਿਆ ਵਿੱਚ ਵੀ ਸੁਰਾਖ਼ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਮਹਿੰਗੇ ਭਾਅ ਡੀਜ਼ਲ ਅਤੇ ਰੇਹ-ਸਪਰੇਅ ਖਰੀਦ ਕੇ ਫ਼ਸਲਾਂ ’ਤੇ ਖਰਚ ਕੀਤਾ ਸੀ ਪਰ ਇਸ ਆਫ਼ਤ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨ ਨੇਤਾਵਾਂ ਪ੍ਰਕਾਸ਼ ਮੁਮੇਰਾ ਤੇ ਸੁਰਜੀਤ ਸਿੰਘ ਨੇ ਆਖਿਆ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਨ ਅਤੇ ਇਸ ਕੁਦਰਤੀ ਆਫ਼ਤ ਨਾਲ ਕਿਸਾਨ ਹੋਰ ਵੀ ਮੁਸ਼ਕਲਾਂ ਵਿੱਚ ਫਸ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਆਫ਼ਤ ਨਾਲ ਪ੍ਰਭਾਵਿਤ ਹੋਏ ਪਿੰਡਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।