ਕਰਨ ਭੀਖੀ
ਭੀਖੀ, 16 ਫਰਵਰੀ
ਕਸਬੇ ਵਿੱਚ ਬਣੇ ਸ੍ਰੀ ਗੁਰੂ ਰਵਿਦਾਸ ਦੇ ਅਸਥਾਨਾਂ ’ਤੇ ਗੁਰੂ ਰਵਿਦਾਸ ਦਾ 645ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ ਜਿਸ ਦੌਰਾਨ ਕਥਾਵਾਚਕਾਂ ਤੇ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੇ ਜੀਵਨ ਫਲਸਫੇ ’ਤੇ ਚਾਨਣਾ ਪਾਇਆ ਗਿਆ। ਸਮਾਗਮ ਦੌਰਾਨ ਦਰਸ਼ਨ ਸਿੰਘ ਟੇਲਰ ਨੇ ਕਿਹਾ ਕਿ ਗੁਰੂ ਰਵਿਦਾਸ ਚਾਹੁੰਦੇ ਸਨ ਕਿ ਸਮਾਜ ’ਚ ਸਾਰੇ ਇੱਕ ਬਰਾਬਰ ਹੋਣ। ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਧਲੇਵਾਂ ਰੋਡ ਵਾਲੇ ਪਾਸੇ ਰਾਤ ਦੇ ਦੀਵਾਨ ਸਜਾਏ ਗਏ। ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਪੌਦੇ ਲਾਏ ਗਏ।
ਤਪਾ ਮੰਡੀ (ਸੀ ਮਾਰਕੰਡਾ): ਟਰੈਕਟਰ ਯੂਨੀਅਨ ਤਪਾ ਵੱਲੋਂ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਟਰੈਕਟਰ ਯੂਨੀਅਨ ਤਪਾ ਅਤੇ ਪੰਜਾਬ ਰਾਜ ਬਿਜਲੀ ਬੋਰਰਡ ਦਾ ਮੁਲਾਜ਼ਮਾ ਵੱਲੋਂ ਅਗਰਵਾਲ ਧਰਮਸ਼ਾਲਾ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਪਾਠੀ ਸਿੰਘਾਂ ਨੇ ਨਗਰ ਖੇੜੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਨੇੜਲੇ ਪਿੰਡ ਢਿੱਲਵਾਂ ਵਿੱਚ ਨਗਰ ਨਿਵਾਸੀਆਂ ਅਤੇ ਭਗਤ ਰਵਿਦਾਸ ਦੇ ਪੈਰੋਕਾਰਾਂ ਵੱਲੋਂ ਧਰਮਸ਼ਾਲਾ ਰਵਿਦਾਸੀਆ ਸਿੰਘਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੀਪ ਸਿੰਘ ਨੇ ਭਗਤ ਰਵਿਦਾਸ ਦੀ ਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।