ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਅਕਤੂਬਰ
“ਮੈੈਂ 4 ਸਾਲਾਂ ਤੋਂ ਪਰਾਲੀ ਤੇ ਨਾੜ ਨਹੀਂ ਸਾੜਿਆ ਹੈ। ਮੇਰੀ ਫ਼ਸਲ ਵੀ ਵਧੀਆ ਹੁੰਦੀ ਹੈ ਤੇ ਉਸ ਦਾ ਅਸਲ ਮਕਸਦ ਇਹ ਸੁਨੇਹਾ ਦੇਣ ਦਾ ਹੈ ਕਿ ਜੇਕਰ ਵਾਤਾਵਰਨ ਬਚੇਗਾ ਤਾਂ ਹੀ ਸਾਡਾ ਭਵਿੱਖ ਬਚੇਗਾ।’ ਇਹ ਗੱਲ ਪਿੰਡ ਸਿੰਘਾਂ ਵਾਲਾ ਦੇ ਕਿਸਾਨ ਗੁਰਚਰਨ ਸਿੰਘ ਨੇ ਆਖੀ। ਊਨ੍ਹਾਂ ਕਿਹਾ ਕਿ ਉਹ ਗੁਰੂ ਨਾਨਕ ਦਾ ਫਲਸਫ਼ਾ ਜਿਉਂਦਾ ਰੱਖਣ ਲਈ ਰਹਿੰਦ-ਖੂੰਹਦ ਖੇਤ’ਚ ਵਾਹ ਕੇ ਮੂੰਗੀ, ਮੱਕੀ, ਆਲੂ, ਝੋਨਾ, ਛੋਲੇ ਤੇ ਸਰ੍ਹੋਂ ਦੀ ਬਹੁਭਾਂਤੀ ਖੇਤੀ ਕਰ ਰਿਹਾ ਹੈ।
ਇਸ ਅਗਾਂਹਵਧੂ ਕਿਸਾਨ ਦਾ ਦਾਅਵਾ ਹੈ ਕਿ ਉਹ 10 ਸਾਲਾਂ ਤੋਂ ਮੂੰਗੀ, ਮੱਕੀ, ਆਲੂ, ਝੋਨਾ, ਛੋਲੇ, ਸਰ੍ਹੋਂ ਆਦਿ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਉਗਾ ਰਿਹਾ ਹੈ। ਖੇਤ ਦਾ ਨਿਰੀਖਣ ਲਈ ਪੁੱਜੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਆਤਮਾ ਸਕੀਮ ਟੀਮ ਨਾਲ ਗੱਲਬਾਤ ਕਿਸਾਨ ਨੇ ਦਾਅਵਾ ਕੀਤਾ ਕਿ ਬਹੁਭਾਂਤੀ ਖੇਤੀ ਕਰਨ ਨਾਲ ਜਿਥੇ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਘੱਟ ਹੁੰਦੀ ਹੈ, ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਜ਼ਿਆਦਾ ਮੁਨਾਫਾ ਵੀ ਕਮਾਇਆ ਜਾ ਸਕਦਾ ਹੈ। ਉਹ 4 ਸਾਲ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹ ਕੇ ਫ਼ਸਲਾਂ ਦੀ ਬਿਜਾਈ ਕਰਦਾ ਆ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਣਕ-ਝੋਨੇ ਦੀ ਖੇਤੀ ਛੱਡ ਕੇ ਬਹੁਭਾਂਤੀ ਖੇਤੀ ਕਰਨ ਤਾਂ ਜੋ ਉਹ ਪੈਰਾਂ ਸਿਰ ਹੋ ਸਕਣ। ਕਿਸਾਨ ਇਸ ਰਵਾਇਤੀ ਫਸਲ ਚੱਕਰ ਵਿੱਚੋਂ ਨਿਕਲ ਕੇ ਬਾਹਰ ਆਉਣ। ਕਿਸਾਨਾਂ ਨੂੰ ਇੱਕ ਵਾਰ ਫਸਲੀ ਵਿਭਿੰਨਤਾ ਵੱਲ ਜ਼ਰੂਰ ਚੱਲਣਾ ਚਾਹੀਦਾ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਤੇ ਖੇਤੀ ਵਿਗਿਆਨੀ ਰਾਜਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨ ਗੁਰਚਰਨ ਸਿੰਘ ਦੀ ਪ੍ਰਸੰਸਾ ਕਰਦਿਆਂ ਹੋਰ ਕਿਸਾਨਾਂ ਨੂੰ ਵੀ ਇਹ ਸੇਧ ਲੈਣ ਦਾ ਸੱਦਾ ਦਿੱਤਾ।