ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 8 ਦਸੰਬਰ
ਪੰਜਾਬ ਸਰਕਾਰ ਨੇ 10 ਕਰੋੜ ਰੁਪਏ ਦੀ ਗਰਾਂਟ ਮੁਹਾਲੀ ਸ਼ਹਿਰ ਨੂੰ ਦਿੱਤੀ ਹੈ ਅਤੇ ਇਸ ਪ੍ਰਾਪਤੀ ਦੇ ਬੋਰਡ 200 ਕਿਲੋਮੀਟਰ ਦੂਰ ਸ਼ਹਿਣੇ ’ਚ ਲਾਏ ਹਨ। ਸਥਾਨਕ ਬੱਸ ਸਟੈਂਡ (ਸ਼ਹਿਣਾ) ਵਿਖੇ ਮੁਹਾਲੀ ਨੂੰ ਦਿੱਤੀ ਗਈ ਗਰਾਂਟ ਦੇ ਲੱਗੇ ਬੋਰਡ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਚਿੜਾ ਰਹੇ ਹਨ। ਦੂਸਰੇ ਪਾਸੇ ਕਸਬੇ ਸ਼ਹਿਣਾ ’ਚ ਵਿਕਾਸ ਲਈ ਗਰਾਂਟ ਦੀ ਸਖ਼ਤ ਲੋੜ ਹੈ। ਕਸਬਾ ਸ਼ਹਿਣਾ ਦੀ ਸਭ ਤੋਂ ਭੀੜ ਭੜੱਕੇ ਵਾਲੀ ਸੜਕ (ਬੱਸ ਸਟੈਂਡ ਰੋਡ) ਅੱਜ ਵੀ 11 ਫੁੱਟ ਚੌੜੀ ਹੀ ਹੈ। ਪਿਛਲੇ ਹਫਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਹਲਕੇ ਭਦੌੜ ਦੇ ਪ੍ਰੋਗਰਾਮ ਤਪਾ ਮੰਡੀ ਵਿਖੇ ਕੀਤੇ ਗਏ ਸਨ। ਉਸ ਸਮੇਂ 15 ਕਰੋੜ ਦੀ ਗਰਾਂਟ ਦਾ ਐਲਾਨ ਕੀਤਾ ਸੀ ਪ੍ਰੰਤੂ 15 ਕਰੋੜ ਦੀ ਗਰਾਂਟ ’ਚੋਂ 23000 ਦੀ ਆਬਾਦੀ ਵਾਲੇ ਕਸਬੇ ਸ਼ਹਿਣਾ ਨੂੰ ਧੇਲਾ ਵੀ ਨਹੀਂ ਮਿਲਿਆ। ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਗਗਨਦੀਪ ਸਿੰਗਲਾ ਨੇ ਮੁਹਾਲੀ ਸ਼ਹਿਰ ਨੂੰ ਦਿੱਤੀ ਗਰਾਂਟ ਦੇ ਬੋਰਡ 6 ਜ਼ਿਲ੍ਹੇ ਟੱਪਕੇ ਸ਼ਹਿਣਾ ’ਚ ਲਾਉਣ ’ਤੇ ਤਿੱਖੀ ਨੁਕਤਾਚੀਨੀ ਕੀਤੀ ਹੈ ਅਤੇ ਕਾਂਗਰਸੀਆਂ ਤੋਂ ਪੁੱਛਿਆ ਹੈ ਕਿ ਇਸ ਬੋਰਡ ਦਾ ਸ਼ਹਿਣਾ ਨਾਲ ਕੀ ਸਬੰਧ ਹੈ।