ਨਿੱਜੀ ਪੱਤਰ ਪ੍ਰੇਰਕ
ਮਲੋਟ, 11 ਨਵੰਬਰ
ਪੰਜਾਬ ਸਰਕਾਰ ਵੱਲੋਂ ਇਕ ਦਸੰਬਰ 2020 ਨੂੰ ਖਜ਼ਾਨਾ ਮੰਤਰੀ ਦੀ ਹਾਜ਼ਰੀ ਵਿੱਚ ਤਿੰਨ ਕਾਲਜਾਂ, ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ, ਬੇਅੰਤ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਗਰਦਾਸਪੁਰ ਨੂੰ 15-15 ਕਰੋੜ ਅਤੇ ਮਲੋਟ ਇੰਸਟੀਚਿਊਟ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਨੂੰ 5 ਕਰੋੜ ਦੇਣ ਦਾ ਐਲਾਨ ਕੀਤਾ ਸੀ ਪਰ ਮਿਮਿਟ ਮਲੋਟ ਲਈ ਇਹ ਐਲਾਨ ਜੁਮਲਾ ਸਾਬਤ ਹੁੰਦਾ ਨਜ਼ਰ ਆਉਣ ਲੱਗਿਆ ਹੈ , ਕਿਉਂਕਿ ਦੋ ਕਾਲਜਾਂ ਨੂੰ ਤਾਂ ਯੂਨੀਵਰਸਟੀਆਂ ਵਿੱਚ ਤਬਦੀਲ ਕਰਕੇ ਗਰਾਂਟ ਜਾਰੀ ਕਰ ਦਿੱਤੀ ਗਈ ਪਰ ਮਿਮਿਟ ਮਲੋਟ ਨੂੰ 5 ਕਰੋੜ ਦੀ ਗਰਾਂਟ ਰੋਕ ਲਈ ਗਈ, ਜੋ ਇਕ ਸਾਲ ਬੀਤ ਜਾਣ ਤੱਕ ਵੀ ਜਾਰੀ ਨਹੀਂ ਹੋਈ। ਕਾਲਜ ਦੇ ਡਾਇਰੈਕਟਰ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਕਰਕੇ ਕਾਲਜ ਦੇ ਸਟਾਫ ਦੀਆਂ ਤਨਖਾਹਾਂ ਤੇ ਵਿਕਾਸ ਦੇ ਸਾਰੇ ਕੰਮ ਰੁਕ ਚੁੱਕੇ ਹਨ ਅਤੇ ਕਾਲਜ ਦੇ ਮੁਲਾਜ਼ਮ ਪਿਛਲੇ ਕਈ ਮਹੀਨਿਆਂ ਦੀਆਂ ਤਨਖਾਹਾਂ ਨਾ ਮਿਲਣ ਕਰਕੇ ਧਰਨੇ ’ਤੇ ਬੈਠੇ ਹਨ। ਆਮ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਜੇ ਵਿਤਕਰੇਬਾਜ਼ੀ ਬੰਦ ਨਾ ਕੀਤੇ ਤਾਂ ਉਹ ਵੀ ਕਰਮਚਾਰੀਆਂ ਦੇ ਧਰਨੇ ਵਿੱਚ ਸ਼ਾਮਲ ਹੋ ਜਾਣਗੇ। ਹਲਕੇ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਜੇ ਸਰਕਾਰ ਨੇ ਐਲਾਨ ਕੀਤਾ ਹੈ ਤਾਂ ਗਰਾਂਟ ਜ਼ਰੂਰ ਮਿਲੂਗੀ।