ਪੱਤਰ ਪ੍ਰੇਰਕ
ਅਬੋਹਰ, 9 ਜੂਨ
ਇਥੋਂ ਦੇ ਵਰਿਆਮ ਨਗਰ ਦੀ ਰਹਿਣ ਵਾਲੀ ਇੱਕ ਲੜਕੀ ਦੀ ਲਾਸ਼ ਅੱਜ ਸਵੇਰੇ ਸਥਾਨਕ ਹਨੂੰਮਾਨਗੜ੍ਹ ਰੋਡ ’ਤੇ ਸਥਿਤ ਨਿਊ ਵਾਟਰ ਵਰਕਸ ਦੀ ਡਿੱਗੀ ’ਚੋਂ ਬਰਾਮਦ ਹੋਈ ਹੈ। ਸੂਚਨਾ ਮਿਲਣ ’ਤੇ ਸਿਟੀ-2 ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲੜਕੀ ਦੀ ਲਾਸ਼ ਨੂੰ ਡਿਗੀ ’ਚੋਂ ਬਾਹਰ ਕੱਢਵਾ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਵਰਿਆਮ ਨਗਰ ਦੀ ਰਹਿਣ ਵਾਲੀ ਸਾਰਿਕਾ (25) ਪੁੱਤਰੀ ਸਵ: ਬਨਵਾਰੀ ਲਾਲ ਬੀਤੀ ਸ਼ਾਮ 4 ਵਜੇ ਬਿਨਾ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਸੀ, ਜਿਸ ਤੋਂ ਬਾਅਦ ਘਰ ’ਚ ਉਸ ਦੀ ਮਾਂ, ਦੋ ਭੈਣਾਂ ਅਤੇ ਇਕ ਭਰਾ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਕਿ ਅੱਜ ਸਵੇਰੇ ਸਾਰਿਕਾ ਦੀ ਲਾਸ਼ ਹਨੂੰਮਾਨਗੜ੍ਹ ਰੋਡ ’ਤੇ ਸਥਿਤ ਨਵੇਂ ਵਾਟਰ ਵਰਕਸ ਦੀ ਡਿੱਗੀ ’ਚ ਤੈਰਦੀ ਹੋਈ ਮਿਲੀ। ਥਾਣਾ ਸਿਟੀ-2 ਦੀ ਪੁਲੀਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਰਸੇਵਾ ਨਰਾਇਣ ਸੇਵਾ ਸਮਿਤੀ ਦੇ ਸੇਵਾਦਾਰਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕਾ ਨੇ ਬੀ.ਐਸ.ਸੀ. ਐਗਰੀਕਲਚਰ ਦੀ ਡਿਗਰੀ ਕੀਤੀ ਹੋਈ ਸੀ। ਉਸ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਪੁਲੀਸ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।
ਤਲਾਅ ਵਿਚ ਡਿੱਗਣ ਕਾਰਨ ਮਜ਼ਦੂਰ ਦੀ ਮੌਤ
ਬੋਹਾ (ਪੱਤਰ ਪ੍ਰੇਰਕ): ਨੇਵਲੇ ਪਿੰਡ ਸੇਰਖਾਂ ਵਿਖੇ ਤਲਾਅ ਵਿਚ ਡੁੱਬਣ ਕਾਰਨ ਇਕ ਮਨਰੇਗਾ ਮਜ਼ਦੂਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਰੇਗਾ ਵਿਚ ਕੰਮ ਕਰਦਾ ਮਜ਼ਦੂਰ ਗੁਰਚਰਨ ਸਿੰਘ ਪੁੱਤਰ ਮਾਥੂ ਸਿੰਘ ਆਪਣੇ ਹੋਰ ਮਜ਼ਦੂਰ ਸਾਥੀਆਂ ਲਈ ਨੇੜਲੇ ਬਾਗ ਵਿਚ ਬਣੇ ਤਲਾਅ ਵਿਚੋਂ ਪਾਣੀ ਲੈਣ ਗਿਆ ਤਾਂ ਪੈਰ ਤਿਲਕਣ ਕਾਰਨ ਉਹ ਤਲਾਅ ਵਿਚ ਹੀ ਡਿੱਗ ਗਿਆ। ਉਸ ਦੇ ਮੁੜਨ ਵਿਚ ਦੇਰੀ ਹੋਣ ’ਤੇ ਜਦੋਂ ਉਸ ਦੀ ਭਾਲ ਵਿਚ ਉਸ ਦੇ ਸਾਥੀ ਤਲਾਅ ਕੋਲ ਗਏ ਤਾਂ ਉਨ੍ਹਾਂ ਤਲਾਅ ਵਿਚ ਉਸ ਦੀਆਂ ਚੱਪਲਾਂ ਤੈਰਦੀਆਂ ਵੇਖੀਆਂ। ਪਤਾ ਲੱਗਣ ’ਤੇ ਉਸ ਨੂੰ ਤਲਾਅ ਵਿਚੋ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਿੰਡ ਦੇ ਸਰਪੰਚ ਗੁਰਬਾਜ਼ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਮਜ਼ਦੂਰ ਦੇ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਦਿੱਤਾ ਜਾਵੇ। ਬੋਹਾ ਪੁਲੀਸ ਨੇ ਇਸ ਸਬੰਧ ਆਈਪੀਸੀ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।