ਕਰਨ ਭੀਖੀ
ਭੀਖੀ, 29 ਨਵੰਬਰ
ਕਸਬੇ ਦੇ ਮਾਨਸਾ ਰੋਡ ’ਤੇ ਗਿਆਨ ਰਿਜ਼ੋਰਟ ਕੋਲ ਟਵੇਰਾ ਕਾਰ ਤੇ ਟਰਾਲੇ ਦੀ ਟੱਕਰ ਵਿੱਚ ਲੜਕੀ ਦੀ ਮੌਤ ਹੋ ਗਈ ਜਦੋਂ ਕਿ ਕਾਰ ਸਵਾਰ ਛੇ ਲੜਕੀਆਂ, ਇੱਕ ਲੜਕਾ ਅਤੇ ਡਰਾਈਵਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ। ਥਾਣਾ ਭੀਖੀ ਦੇ ਏਐੱਸਆਈ ਧਰਮਪਾਲ ਨੇ ਦੱਸਿਆ ਕਿ ਹਰਿਆਣਾ ਦੇ ਪਿੰਡ ਭਾਦੜਾ ਅਤੇ ਸੁਖਚੈਨ ਤੋਂ 7 ਵਿਦਿਆਰਥਣਾਂ ਈਟੀਟੀ ਦਾ ਪੇਪਰ ਦੇਣ ਲਈ ਮੁਹਾਲੀ ਲਈ ਸਵੇਰੇ ਤਿੰਨ ਵਜੇ ਕਾਲਿਆਂਵਾਲੀ ਤੋਂ ਰਵਾਨਾ ਹੋਈਆਂ ਸਨ। ਤਕਰੀਬਨ 4 ਵਜੇ ਜਦ ਉਨ੍ਹਾਂ ਦੀ ਗੱਡੀ ਭੀਖੀ ਦੇ ਮਾਨਸਾ ਰੋਡ ’ਤੇ ਗਿਆਨ ਰਿਜ਼ੋਰਟ ਕੋਲ ਪਹੁੰਚੀ ਤਾਂ ਉਸ ਦੀ ਸਾਹਮਣੇ ਤੋਂ ਆ ਰਹੇ ਟਰਾਲੇ (ਘੋੜੇ) ਨਾਲ ਟੱਕਰ ਹੋ ਗਈ ਜਿਸ ਨਾਲ ਟਵੇਰਾ ਕਾਰ ਨੁਕਸਾਨੀ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਵਿਦਿਆਰਥਣ ਸਿਮਰਨਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਕਾਲਿਆਂਵਾਲੀ ਦੀ ਮੌਤ ਹੋ ਗਈ ਜਦ ਕਿ ਕਾਰ ਵਿੱਚ ਸਵਾਰ 6 ਹੋਰ ਲੜਕੀਆਂ, ਇੱਕ ਲੜਕਾ ਅਤੇ ਡਰਾਈਵਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ। ਭੀਖੀ ਪੁਲੀਸ ਨੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਮ੍ਰਿਤਕ ਸਿਮਰਨਜੀਤ ਕੌਰ ਪੇਪਰ ਦੇਣ ਲਈ ਆਪਣੇ ਦੋ ਸਾਲਾਂ ਦੇ ਬੱਚੇ ਨੂੰ ਘਰ ਛੱਡ ਕੇ ਆਈ ਸੀ।
ਕਾਰ ਦੀ ਫੇਟ ਲੱਗਣ ਕਾਰਨ ਖੱਚਰ ਰੇਹੜਾ ਚਾਲਕ ਜ਼ਖ਼ਮੀ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਪ੍ਰੀਤ): ਮਲੋਟ ਰੋਡ ‘ਤੇ ਪਿੰਡ ਰੁਪਾਣਾ ਨੇੜੇ ਕਾਰ ਨੇ ਖੱਚਰ ਰੇਹੜੇ ਨੂੰ ਟੱਕਰ ਮਾਰੀ ਜਿਸ ਨਾਲ ਰੇਹੜਾ ਚਾਲਕ ਜ਼ਖ਼ਮੀ ਹੋ ਗਿਆ ਜਦੋਂ ਕਿ ਕਾਰ ਚਾਲਕ ਹਨੇਰੇ ਦਾ ਲਾਭ ਉਠਾ ਕੇ ਫਰਾਰ ਹੋ ਗਿਆ। ਰੁਪਾਣਾ ਜਨ ਸਹਾਰਾ ਕਲੱਬ ਦੇ ਰਾਜਾ ਸ਼ਰਮਾ ਨੇ ਦੱਸਿਆ ਕਿ ਰੇਹੜਾ ਚਾਲਕ ਬਲਜਿੰਦਰ ਸਿੰਘ ਭੱਠੇ ਤੋਂ ਵਾਪਸ ਘਰ ਜਾ ਰਿਹਾ ਸੀ ਕਿ ਮੁਕਤਸਰ ਵੱਲੋਂ ਆਉਂਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਸੜਕ ‘ਤੇ ਜਾ ਡਿੱਗਿਆ ਤੇ ਉਸ ਦੇ ਸਿਰ ਵਿੱਚ ਸੱਟ ਲੱਗਣ ਨਾਲ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਰੁਪਾਣਾ ਜਨ ਸਹਾਰਾ ਕਲੱਬ ਦੇ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀ ਬਲਜਿੰਦਰ ਸਿੰਘ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਜਿਥੇ ਉਹ ਇਲਾਜ ਅਧੀਨ ਹੈ।
ਕਾਰ-ਪਿਕਅੱਪ ਹਾਦਸੇ ਵਿੱਚ ਖੇਤ ਮਜ਼ਦੂਰਾਂ ਸਮੇਤ ਪੰਦਰਾਂ ਜਣੇ ਜ਼ਖ਼ਮੀ
ਇਕਬਾਲ ਸਿੰਘ ਸ਼ਾਂਤ
ਲੰਬੀ, 29 ਨਵੰਬਰ
ਲੰਬੀ-ਗਿੱਦੜਬਾਹਾ ਮੁੱਖ ਮਾਰਗ ’ਤੇ ਪਿੰਡ ਲਾਲਬਾਈ ਨੇੜੇ ਕਾਰ ਤੇ ਪਿਕਅੱਪ ਵਿੱਚ ਟੱਕਰ ਹੋਣ ਕਰਕੇ ਰਾਜਸਥਾਨ ਤੋਂ ਪਰਤ ਰਹੇ ਦਰਜਨ ਭਰ ਖੇਤ ਮਜ਼ਦੂਰ ਸਮੇਤ ਕਰੀਬ 15 ਜਣੇ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਮਜ਼ਦੂਰਾਂ ਦੀ ਭਰੀ ਪਿਕਅੱਪ ਪਲਟ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਗਿੱਦੜਬਾਹਾ ਭੇਜਿਆ ਗਿਆ। ਜ਼ਖ਼ਮੀਆਂ ’ਚ 9 ਪੁਰਸ਼ ਅਤੇ 5 ਔਰਤਾਂ ਸ਼ਾਮਲ ਹਨ। ਸਾਰੇ ਖੇਤ ਮਜ਼ਦੂਰ ਗਿੱਦੜਬਾਹਾ ਖੇਤਰ ਦੇ ਪਿੰਡ ਬੁੱਟਰ ਸ਼ਰੀਂਹ ਦੇ ਬਾਸ਼ਿੰਦੇ ਹਨ ਅਤੇ ਉਹ ਰਾਜਸਥਾਨ ਦੇ ਪੀਲੀਬੰਗਾ ਖੇਤਰ ਤੋਂ ਨਰਮਾ ਚੁਗਾਈ ਮਗਰੋਂ ਕਰੀਬ ਡੇਢ ਮਹੀਨੇ ਬਾਅਦ ਘਰ ਪਰਤ ਰਹੇ ਸਨ।
ਜਾਣਕਾਰੀ ਅਨੁਸਾਰ ਰਾਹ ’ਚ ਲਾਲਬਾਈ ਨੇੜੇ ਸਾਹਮਣਿਓਂ ਆ ਰਹੀ ਆਲਟੋ ਕਾਰ (ਨੰਬਰ ਪੀਬੀ 30ਪੀ/4952) ਪਿਕਅੱਪ ਨਾਲ ਟਕਰਾ ਗਈ। ਗੱਡੀ ਪਲਟਣ ਦੇ ਬਾਵਜੂਦ ਪਿਕਅੱਪ ਸਵਾਰ ਮੁਸਾਫ਼ਰ ਗੰਭੀਰਾਂ ਸੱਟਾਂ ਤੋਂ ਬਚ ਗਏ। ਕਾਰ ਸਵਾਰ ਵਿਅਕਤੀ ਪਿੰਡ ਘੁਮਿਆਰਾ ਨਾਲ ਸਬੰਧਤ ਦੱਸੇ ਜਾਂਦੇ ਹਨ। ਖੇਤ ਮਜ਼ਦੂਰਾਂ ਦੇ ਜਾਣਕਾਰ ਤੇਜਾ ਸਿੰਘ ਵਾਸੀ ਮਿਠੜੀ ਬੁੱਧਗਿਰ ਨੇ ਦੱਸਿਆ ਕਿ ਹਾਦਸੇ ਵਿੱਚ ਪਿਅਕੱਪ ਡਰਾਈਵਰ ਅਤੇ ਉਸ ਦਾ ਸਾਥੀ ਵੀ ਜ਼ਖ਼ਮੀ ਹੋਏ ਹਨ। ਉਸ ਦੇ ਅਨੁਸਾਰ ਕਾਰ ਸਵਾਰ ਦੇ ਵੀ ਸੱਟਾਂ ਵੱਜੀਆਂ ਹਨ। ਹਾਦਸੇ ਵਿੱਚ ਕਾਰ ਅਤੇ ਪਿਕਅੱਪ ਬੁਰੀ ਤਰ੍ਹਾਂ ਨੁਕਸਾਨੇ ਗਏ। ਪੁਲੀਸ ਚੈੱਕ ਪੋਸਟ ਆਧਨੀਆਂ ਦੇ ਮੁਲਾਜ਼ਮਾਂ ਏ.ਐਸ.ਆਈ ਗੁਰਸ਼ਰਨ ਸਿੰਘ ਅਤੇ ਸੀਨੀਅਰ ਸਿਪਾਹੀ ਜਗਦੀਪ ਸਿੰਘ ਸੰਧੂ ਅਤੇ 108 ਐਂਬੂਲੈਂਸ ਨੇ ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਹਸਤਪਤਾਲ ਗਿੱਦੜਬਾਹਾ ਪਹੁੰਚਾਇਆ। ਹਸਪਤਾਲ ਦੇ ਡਾਕਟਰ ਡਾ. ਜਸ਼ਨ ਜੀਦਾ ਨੇ ਹਾਦਸੇ ਦੇ 14 ਮਰੀਜ਼ ਪੁੱਜੇ ਹਨ ਜਿਨ੍ਹਾਂ ਵਿੱਚੋਂ ਤਿੰਨ ਦੇ ਸਿਰਾਂ ’ਤੇ ਸੱਟ ਹੈ। ਉਨ੍ਹਾਂ ਨੂੰ ਬਠਿੰਡਾ ਰੈਫ਼ਰ ਕੀਤਾ ਗਿਆ ਹੈ। ਲੰਬੀ ਦੇ ਥਾਣਾ ਮੁਖੀ ਕਰਨਬੀਰ ਸਿੰਘ ਨੇ ਹਾਦਸੇ ’ਚ ਪੀੜਤਾਂ ਦੇ ਬਿਆਨਾਂ ’ਤੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।