ਖੇਤਰੀ ਪ੍ਰਤੀਨਿਧ
ਬਰਨਾਲਾ, 9 ਨਵੰਬਰ
ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਦੇ ਚਿੰਟੂ ਪਾਰਕ ਦਫ਼ਤਰ ਵਿੱਚ ਗ਼ਜ਼ਲ ਮੰਚ ਵੱਲੋਂ ਸ਼ਾਇਰ ਕੁਲਵਿੰਦਰ ਵੱਛੋਆਣਾ ਰੂਬਰੂ ਪ੍ਰੋਗਰਾਮ ਤੇ ਗ਼ਜ਼ਲ ਦਰਬਾਰ ਕਰਵਾਇਆ ਗਿਆ। ਗ਼ਜ਼ਲਕਾਰ ਕੁਲਵਿੰਦਰ ਵੱਛੋਆਣਾ ਸਰੋਤਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਆਪਣੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ। ਇਸ ਮੌਕੇ ਉਨ੍ਹਾਂ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਆਪਣੀਆਂ ਛੇ ਚੋਣਵੀਆਂ ਗ਼ਜ਼ਲਾਂ ਵੀ ਪੇਸ਼ ਕੀਤੀਆਂ। ਲੇਖਕ ਬੂਟਾ ਸਿੰਘ ਚੌਹਾਨ, ਡਾ. ਭੁਪਿੰਦਰ ਸਿੰਘ ਬੇਦੀ ਨੇ ਕੁਲਵਿੰਦਰ ਵੱਛੋਆਣਾ ਦੇ ਰਚਨਾਤਮਿਕ ਪੱਖ ਬਾਰੇ ਵਿਚਾਰ ਪੇਸ਼ ਕੀਤੇ। ਗ਼ਜ਼ਲ ਦਰਬਾਰ ਦੌਰਾਨ ਕੁਲਦੀਪ ਚਿਰਾਗ਼, ਮਾਲਵਿੰਦਰ ਸ਼ਾਇਰ, ਸੁਖਵਿੰਦਰ ਸਨੇਹ, ਲਛਮਣ ਦਾਸ ਮੁਸਾਫ਼ਿਰ, ਪਾਲ ਸਿੰਘ ਲਹਿਰੀ, ਜਗਜੀਤ ਗੁਰਮ, ਪਰਮ ਸਹਿਜੜਾ, ਰਾਮ ਸਰੂਪ ਸ਼ਰਮਾ, ਰਜਿੰਦਰ ਸ਼ੌਕੀ, ਲੱਕੀ ਛੀਨੀਵਾਲੀਆ, ਗੁਰਪ੍ਰੀਤ ਅਤੇ ਗੁਰਪ੍ਰੀਤ ਸ਼ੈਟੀ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਕੁਲਦੀਪ ਸਿੰਘ ਕਰਮ, ਰਘਵੀਰ ਸਿੰਘ ਕੱਟੂ ਤੇ ਸੋਹਣ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ। ਸਟੇਜ ਦਾ ਫ਼ਰਜ਼ ਗ਼ਜ਼ਲਕਾਰ ਗੁਰਪਾਲ ਬਿਲਾਵਲ ਨੇ ਨਿਭਾਇਆ। ਇਸ ਮੌਕੇ ਸਿਟੀਜਨ ਸੁਸਾਇਟੀ ਦੇ ਪ੍ਰਧਾਨ ਮੁਕੰਦ ਸਿੰਘ ਸੇਵਕ, ਅਮ੍ਰਿਤ ਲਾਲ ਮੀਤ ਪ੍ਰਧਾਨ ਹਾਜ਼ਰ ਸਨ।
ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ
ਸਮਾਲਸਰ (ਪੱਤਰ ਪ੍ਰੇਰਕ): ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ ਵਿੱਚ ਹੋਈ। ਪਹਿਲਾਂ ਵਿਛੜੇ ਸਾਥੀ ਸੁਖਮਿੰਦਰ ਰਾਮਪੁਰੀ, ਪ੍ਰਿੰਸੀਪਲ ਜਗਦੀਸ ਸਿੰਘ ਘਈ, ਗੀਤਕਾਰ ਦੀਪਾ ਘੋਲੀਆ ਦੇ ਸਦੀਵੀ ਵਿਛੋੜੇ ’ਤੇ ਜਾਣ ਕਾਰਨ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਉਪਰੰਤ ਸਭਾ ਦੇ ਮੈਂਬਰ ਮੁਕੰਦ ਕਮਲ ਦੇ ਪੁੱਤਰ ਨੂੰ ਨੌਕਰੀ ਪ੍ਰਾਪਤ ਹੋਣ ਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਰੋਡੇ ਨੂੰ ਪ੍ਰੋ. ਰਮਨ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਗਈ ਅਤੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਲਗਾਏ ਜਾ ਰਹੇ ਜੁਰਮਾਨਿਆਂ ਦੀ ਨਿੰਦਾ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਦਸਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰਨ ਦੇ ਨਿਯਮਾਂ ਦਾ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਐਸ ਇੰਦਰ ਰਾਜਿਆਣਾ, ਸ਼ਿਵ ਢਿੱਲੋਂ, ਜਸਵੰਤ ਸਿੰਘ ਜੱਸੀ, ਜਗਸੀਰ ਬਰਾੜ ਕੋਟਲਾ ਨੇ ਰਚਨਾਵਾਂ ਪੇਸ਼ ਕੀਤੀਆਂ ਗਈਆਂ । ਇਹ ਜਾਣਕਾਰੀ ਸਭਾ ਦੇ ਪ੍ਰੈੱਸ ਸਕੱਤਰ ਡਾ. ਸਾਧੂ ਰਾਮ ਲੰਗੇਆਣਾ ਵੱਲੋਂ ਦਿੱਤੀ ਗਈ ਹੈ।