ਪੱਤਰ ਪ੍ਰੇਰਕ
ਅਜੀਤਵਾਲ,1 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਲੋਕ ਮੋਰਚਾ ਪੰਜਾਬ ਵੱਲੋਂ ਸੂਬੇ ਅੰਦਰ ‘ਇਨਕਲਾਬੀ ਬਦਲ ਉਸਾਰੋ’ ਮੁਹਿੰਮ ਚਲਾਈ ਗਈ। ਇਹ ਮੁਹਿੰਮ ਨੂੰ ਸੂਬੇ ਅੰਦਰ ਲੈ ਕੇ ਜਾਣ ਲਈ ਜਨਤਕ ਜਥੇਬੰਦੀਆਂ ਤੇ ਜਨਤਕ ਸੰਘਰਸ਼ਸ਼ੀਲ ਸ਼ਖ਼ਸੀਅਤਾਂ ਦੀ ਸਹਿਯੋਗੀ ਕਮੇਟੀ ਜਥੇਬੰਦ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਵੋਟ ਵਟੋਰੂ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਚੋਣ ਸਰਗਰਮੀ ਦੇ ਮੁਕਾਬਲੇ ਇਨਕਲਾਬੀ ਬਦਲ ਦਾ ਪ੍ਰਚਾਰ ਕਰਨ ਹਿੱਤ ਅੱਜ ਪਿੰਡ ਕਿਲੀ ਚਹਿਲਾਂ (ਮੋਗਾ) ਵਿੱਚ ਇਕੱਤਰਤਾ ਹੋਈ। ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਸੱਦਾ, ‘ਸਰਕਾਰ ਨਹੀਂ, ਰਾਜ ਬਦਲਣ ਲਈ ਜੂਝੋ’ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਜਥੇਬੰਦ ਤਾਕਤ ਦਾ ਕਿਲ੍ਹਾ ਤਕੜਾ ਕਰਦਿਆਂ ਸਰਕਾਰ ਦੀ ਬਜਾਏ ਰਾਜ ਤੇ ਸਮਾਜ ਬਦਲਣ ਲਈ ਜੂਝਣ ਦੀ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ। ਮੋਰਚੇ ਦੀ ਸਹਿਯੋਗੀ ਕਮੇਟੀ ਮੈਂਬਰ ਲਛਮਣ ਸਿੰਘ ਸੇਵੇਵਾਲਾ ਨੇ ਲੋਕਾਂ ਨੂੰ ਜਥੇਬੰਦਕ ਹੋਣ ਦਾ ਸੱਦਾ ਦਿੱਤਾ। ਇਕੱਤਰਤਾ ਵਿੱਚ ਜ਼ਿਲ੍ਹੇ ਦੇ ਨੇੜਲੇ ਬਲਾਕਾਂ ਦੇ ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਨੇ ਹਿੱਸਾ ਲਿਆ।