ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ
ਸ਼ਹਿਰ ਵਿੱਚ ਸਫਾਈ ਸੇਵਕਾਂ ਦੀ ਘਾਟ ਦੇ ਮੱਦੇਨਜ਼ਰ ਸਮੂਹ ਸਫਾਈ ਸੇਵਕਾਂ ਵੱਲੋਂ ਪ੍ਰਧਾਨ ਵਿਜੈ ਕੁਮਾਰ ਦੀ ਅਗਵਾਈ ਵਿੱਚ ਨਗਰ ਕੌਂਸਲ ਦੇ ਦਫਤਰ ਮੂਹਰੇ ਗੇਟ ਰੈਲੀ ਕਰਦੇ ਹੋਏ ਸੂਬਾ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ| ਇਸ ਮੌਕੇ ਆਗੂਆਂ ਨੇ ਕਿਹਾ ਕਿ ਸ਼ਹਿਰ ਦੀ ਆਬਾਦੀ ਨੂੰ ਮੁੱਖ ਰੱਖਦੇ ਹੋਏ 80 ਸਫਾਈ ਸੇਵਕਾਂ ਦੀ ਭਰਤੀ ਤੁਰੰਤ ਕੀਤੀ ਜਾਵੇ|
ਇਸ ਦੇ ਨਾਲ ਹੀ ਠੇਕੇਦਾਰ ਸਿਸਟਮ ਬੰਦ ਕੀਤਾ ਜਾਵੇ ਅਤੇ ਬੰਦ ਪਈ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ| ਬਾਅਦ ਵਿੱਚ ਸਫਾਈ ਸੇਵਕਾ ਵੱਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੰਗ ਪੱਤਰ ਸੌਂਪਿਆ ਗਿਆ| ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦ ਭਰਤੀ ਨਾ ਕੀਤੀ ਗਈ ਤਾਂ ਉਹ ਭਲਕੇ ਮੁੜ ਰੋਸ ਰੈਲੀ ਕਰਨਗੇ।
ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ’ਤੇ ਸੰਘਰਸ਼ ਤਿੱਖਾ ਵਿੱਢਿਆ ਜਾਵੇਗਾ। ਇਸ ਮੌਕੇ ਸੁਰੇਸ਼ ਕੁਮਾਰ ਚੈਅਰਮੈਨ, ਰਾਜਪਾਲ ਵਾਈਸ ਪ੍ਰਧਾਨ, ਵਿਸ਼ਾਲ ਕੁਮਾਰ, ਅਮਨ ਕੁਮਾਰ, ਸੁਰਿੰਦਰ ਕੁਮਾਰ, ਸੁਨੀਲ ਕੁਮਾਰ, ਰਾਜ ਕੁਮਾਰ ਮੇਟ, ਪੱਪੂ ਰਾਮ ਮੇਟ, ਸੁਰੇਸ਼ ਕੁਮਾਰ ਮੇਟ ਮੌਜੂਦ ਸਨ|