ਪੱਤਰ ਪ੍ਰੇਰਕ
ਬਠਿੰਡਾ, 24 ਜੁਲਾਈ
ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿਚ ਅੱਜ ਇੱਥੇ ਸੀਨਿਅਰ ਕਾਂਗਰਸੀ ਆਗੂ ਰਾਜਨ ਗਰਗ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਪਾਰਟੀ ਪ੍ਰਤੀ ਲੰਬੀਆਂ ਸੇਵਾਵਾਂ ਕਾਰਨ ਉਨ੍ਹਾਂ ਨੂੰਇਹ ਮਾਣ ਦਿੱਤਾ ਗਿਆ ਹੈ। ਇਸ ਮੌਕੇ ਸ੍ਰੀ ਬਾਦਲ ਨੇ ਬਠਿੰਡਾ ਜ਼ਿਲ੍ਹੇ ਨੂੰ ਬਜਟ ਵਿਚ ਕੀਤੇ ਐਲਾਨੇ ਤੋਂ ਬਿਨਾਂ 50 ਕਰੋੜ ਰੁਪਏ ਦੀ ਹੋਰ ਗ੍ਰਾਂਟ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ। ਇਹ ਰਕਮ ਜ਼ਿਲਾ ਪਲਾਨਿੰਗ ਬੋਰਡ ਦੇ ਮਾਰਫ਼ਤ ਵਿਊਂਤਬੰਦ ਕੀਤੇ ਵਿਕਾਸ ਕਾਰਜਾਂ ’ਤੇ ਖਰਚ ਕੀਤੀ ਜਾਵੇਗੀ। ਇਸ ਦੌਰਾਨ ਸ੍ਰੀ ਬਾਦਲ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਵਫਦ ਵੀ ਪ੍ਰਧਾਨ ਐਡਵੋਕੇਟ ਲਖਇੰਦਰਦੀਪ ਸਿੰਘ ਭਾਈਕਾ ਦੀ ਅਗਵਾਈ ਵਿਚ ਮਿਲਿਆ ਅਤੇ ਵਿੱਤ ਮੰਤਰੀ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਰਾਜਨ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਚਿਰੰਜੀ ਲਾਲ ਗਰਗ, ਜੈਜੀਤ ਜੌਹਲ ,ਅਰੁਣ ਵਧਾਵਨ ਹਾਜ਼ਰ ਸਨ।