ਨਿੱਜੀ ਪੱਤਰ ਪ੍ਰੇਰਕ
ਮੋਗਾ,7 ਮਈ
ਇਥੇ ਥਾਣਾ ਸਿਟੀ ਪੁਲੀਸ ਨੇ 28 ਸਾਲ ਪੁਰਾਣੀ ਵਸੀਅਤ ਦੇ ਮਾਮਲੇ ਵਿੱਚ ਪਰਵਾਸੀ ਨੰਬਰਦਾਰ ਸਣੇ ਤਿੰਨ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਗਵਾਹੀ ਪਾਉਣ ਵਾਲਾ ਕਰਨੈਲ ਸਿੰਘ ਨੰਬਰਦਾਰ ਪਿੰਡ ਖੋਸਾ ਪਾਂਡੋ ਅਮਰੀਕਾ ਦਾ ਨਾਗਰਿਕ ਤੇ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਦਾ ਭਰਾ ਜਗਰਾਜ ਸਿੰਘ ਵੀ ਕੈਨੇਡਾ ਦਾ ਨਾਗਰਿਕ ਹੈ। ਏਐੱਸਆਈ ਜਗਮੋਹਣ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਨੰਬਰਦਾਰ, ਜਗਰਾਜ ਸਿੰਘ, ਮਹਿੰਦਰ ਸਿੰਘ ਵਾਸੀਆਨ ਪਿੰਡ ਖੋਸਾ ਪਾਂਡੋ ਖ਼ਿਲਾਫ਼ ਆਈਪੀਸੀ ਦੀ ਧਾਰਾ 420/120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਦੇਸ਼ ਵਿੱਚ ਹਨ। ਬਲਵਿੰਦਰ ਸਿੰਘ ਪਿੰਡ ਖੋਸਾ ਪਾਂਡੋ ਨੇ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ 29 ਮਈ 1997 ਨੂੰ ਉਨ੍ਹਾਂ ਚਾਰੋਂ ਭਰਾਵਾਂ ਦੇ ਨਾਮ ਰਜਿਸਟਰਡ ਵਸੀਅਤਨਾਮਾ ਕਰਵਾਇਆ ਸੀ ਪਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ ਮਾਲ ਰਿਕਾਰਡ ਵਿੱਚ ਵਿਰਾਸਤ ਇੰਤਕਾਲ ਕਥਿਤ ਜਾਅਲੀ ਵਸੀਅਤ 15 ਜੂਨ 1990 ਮੁਤਾਬਕ ਕਰਵਾ ਲਿਆ ਗਿਆ। ਬਲਵਿੰਦਰ ਨੇ ਜਾਅਲੀ ਵਸੀਅਤ ਦੀ ਸ਼ਿਕਾਇਤ ਦਿੱਤੀ ਸੀ। ਪੁਲੀਸ ਨੇ ਇੱਕ ਸਾਲ ਦੀ ਪੜਤਾਲ ’ਚ ਲਿਖਿਆ ਕਿ ਤਾਰਾ ਸਿੰਘ ਦੀ 13 ਜੂਨ 1997 ਨੂੰ ਮੌਤ ਹੋ ਗਈ ਸੀ ਅਤੇ ਮੌਤ ਹੋਣ ਕਾਰਨ ਉਸ ਵੱਲੋਂ ਆਪਣੇ ਪੁੱਤਰ ਮਹਿੰਦਰ ਸਿੰਘ ਨੂੰ ਦਿੱਤੀ ਪਾਵਰ ਆਫ਼ ਅਟਾਰਨੀ ਕਾਨੂੰਨ ਮੁਤਾਬਕ ਵੈਧ ਨਹੀਂ ਰਹੀ ਸੀ। ਇਸ ਦੇ ਬਾਵਜੂਦ ਮਹਿੰਦਰ ਸਿੰਘ ਨੇ ਪਾਵਰ ਆਫ਼ ਅਟਾਰਨੀ ਦੀ ਗ਼ਲਤ ਵਰਤੋਂ ਕਰ ਕੇ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਜੋ ਸਪੱਸ਼ਟ ਧੋਖਾਧੜੀ ਹੈ।