ਕਰਨ ਭੀਖੀ
ਭੀਖੀ, 8 ਮਈ
ਸ਼ਿਵ ਸ਼ਕਤੀ ਕਾਲਜ ਭੀਖੀ ਦੇ ਮਾਲਕ ਸੋਮਨਾਥ ਮਹਿਤਾ ਵਿਰੁੱਧ ਇਥੇ ਥਾਣੇ ਦੀ ਪੁਲੀਸ ਨੇ ਧਾਰਾ 419 ਤੇ 420 ਤਹਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਹੁਸ਼ਿਆਰਪੁਰ ਵਾਸੀ ਮਹਿੰਦਰਨਾਥ ਦੀ ਸ਼ਿਕਾਇਤ ’ਤੇ ਪੁਲੀਸ ਨੇ ਇਹ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਸੋਮਨਾਥ ਮਹਿਤਾ ਖ਼ਿਲਾਫ਼ ਸ਼ਿਕਾਇਤ ਦੇ ਕੇ ਦੋਸ਼ ਲਗਾਏ ਸੀ। ਦਰਖਾਸਤ ਦੀ ਜਾਂਚ ਪੁਲੀਸ ਕਪਤਾਨ ਮਾਨਸਾ ਰਾਕੇਸ਼ ਕੁਮਾਰ ਨੇ ਕੀਤੀ ਸੀ। ਪੜਤਾਲ ਦੌਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਮਹਿੰਦਰਨਾਥ ਦੀ ਲੜਕੀ ਸਣੇ ਹੋਰ ਪੀੜਤ ਵਿਦਿਆਰਥੀਆਂ ਵੱਲੋਂ ਵਿੱਤੀ ਨੁਕਸਾਨ ਦੇ ਹਰਜ਼ਾਨੇ/ ਮੁਆਵਜ਼ੇ ਲਈ ਸ਼ਿਵ ਸ਼ਕਤੀ ਨਰਸਿੰਗ ਇੰਸਟੀਚਿਊਟ ਭੀਖੀ ਵਿਰੁੱਧ ਸ਼ਿਕਾਇਤ ਨੰਬਰ 19 ਆਫ 2009 ਪੰਜਾਬ ਰਾਜ ਖ਼ਪਤਕਾਰ ਝਗੜਾ ਨਿਵਾਰਨ ਕਮਿਸ਼ਨ ਚੰਡੀਗੜ੍ਹ ਕੋਲ ਦਾਇਰ ਕੀਤੀ ਸੀ। ਸੁਣਵਾਈ ਦੌਰਾਨ 12-07-2012 ਨੂੰ ਕਮਿਸ਼ਨ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਅਦਾ ਕੀਤੀ ਗਈ ਫੀਸ 32250 ਸਮੇਤ 9 ਫ਼ੀਸਦ ਸਾਲਾਨਾ ਵਿਆਜ ਤੋਂ ਇਲਾਵਾ 50,000 ਰੁਪਏ ਬਤੌਰ ਹਰਜਾਨਾ ਤੇ 10,000 ਰੁਪਏ ਕੇਸ ਦੇ ਖਰਚੇ ਵਜੋਂ 30 ਦਿਨਾਂ ’ਚ ਦੇਣ ਦਾ ਹੁਕਮ ਸੁਣਾਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਵਿਦਿਆਰਥੀਆਂ ਨੂੰ ਬੀ.ਐੱਸਸੀ ਨਰਸਿੰਗ ਲਈ ਯੋਗ ਸਟਾਫ ਤੇ ਲੋੜੀਂਦੀ ਕਲੀਨੀਕਲ ਸਿਖਲਾਈ ਨਹੀਂ ਦਿੱਤੀ ਗਈ ਤੇ ਸੰਸਥਾ ਦੀ ਮਾਨਤਾ ਰੱਦ ਹੋਣ ਮਗਰੋਂ ਵੀ ਦਰਖਾਸਤੀ ਮਹਿੰਦਰ ਨਾਥ ਦੀ ਰਕਮ ਵਾਪਸ ਨਹੀਂ ਕੀਤੀ।
ਪੁਲੀਸ ਕਪਤਾਨ ਰਾਕੇਸ਼ ਕੁਮਾਰ ਦੀ ਜਾਂਚ ’ਚ ਇਹ ਸਾਰਾ ਕੁਝ ਸਾਹਮਣੇ ਆਉਣ ਮਗਰੋਂ ਐੱਸਐੱਸਪੀ ਗੌਰਵ ਤੂਰਾ ਦੇ ਆਦੇਸ਼ ’ਤੇ ਸੋਮਨਾਥ ਮਹਿਤਾ ਖ਼ਿਲਾਫ਼ ਕੇਸ ਦਰਜ ਕਰਨ ਦਾ ਆਦੇਸ਼ ਦਿੱਤਾ ਗਿਆ।