ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 5 ਜੁਲਾਈ
ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਲ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਕੀਤੀ ਗਈ 10ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਫਰੀਦਕੋਟ, ਮੋਗਾ ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ 4 ਪੰਜਾਬ ਮੈਰਿਟ ਪੁਜੀਸ਼ਨਾਂ ਹਾਸਲ ਕਰਕੇ ਸਕੂਲ ਵਾਈਜ਼ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮੈਰਿਟ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਚਾਰ ਵਿਦਿਆਰਥਣਾਂ ਹਰਮਨਦੀਪ ਕੌਰ ਨੇ 97.54 ਫ਼ੀਸਦ, ਪ੍ਰਭਜੋਤ ਕੌਰ ਨੇ 97.08 ਫ਼ੀਸਦ, ਖੁਸ਼ਪ੍ਰੀਤ ਕੌਰ ਨੇ 96.92 ਫ਼ੀਸਦ ਅਤੇ ਜਸ਼ਨਦੀਪ ਕੌਰ ਨੇ 96.92 ਫ਼ੀਸਦ ਅੰਕ ਹਾਸਲ ਕੀਤੇ ਹਨ। ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਜਾਰੀ ਮੈਰਿਟ ਸੂਚੀ ਵਿੱਚ ਵੀ ਇਸ ਸੰਸਥਾ ਨੇ 9 ਮੈਰਿਟਾਂ ਹਾਸਲ ਕੀਤਾ ਸੀ। ਸੰਸਥਾ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਹੋਣਹਾਰ ਵਿਦਿਆਰਥਣਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸਫ਼ਲਤਾ ਦੀ ਵਧਾਈ ਦਿੱਤੀ। ਇਸ ਮੌਕੇ ਸੰਤੋਖ ਸਿੰਘ ਸੋਢੀ, ਹਰਬੰਸ ਲਾਲ ਥਾਪਰ, ਮੇਘਾ ਥਾਪਰ, ਬਲਰਾਜ ਸਿੰਘ, ਪ੍ਰਿੰਸੀਪਲ ਮਨਜੀਤ ਕੌਰ, ਪ੍ਰਿੰਸੀਪਲ ਐਚ. ਐਸ. ਸਾਹਨੀ, ਪ੍ਰਿੰਸੀਪਲ ਨਰਿੰਦਰ ਮੱਕੜ, ਖੁਸ਼ਿਵੰਦਰ ਸਿੰਘ, ਗੁਰਜੀਤ ਕੌਰ, ਹਰਜੀਤ ਸਿੰਘ ਹਾਜ਼ਰ ਸਨ।