ਪੱਤਰ ਪ੍ਰੇਰਕ
ਮਾਨਸਾ, 26 ਅਪਰੈਲ
ਸੰਵਿਧਾਨ ਬਚਾਓ ਮੰਚ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਆਪਣੀ ਉਗਾਈ ਫ਼ਸਲ ਨੂੰ ਆਪ ਨਹੀਂ ਖਾਂਦੇ, ਸਗੋਂ ਜ਼ਿਆਦਾ ਰੇਹਾਂ ਸਪਰੇਆਂ ਦੀ ਵਰਤੋਂ ਕਰ ਕੇ ਫ਼ਸਲ ਮੰਡੀ ਲਈ ਪੈਦਾ ਕਰਦੇ ਹਨ।
ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਕੁਦਰਤੀ ਖੇਤੀ ਦੇ ਨਾਂ ਹੇਠ ਕੇਂਦਰ ਦੀ ਮੋਦੀ ਸਰਕਾਰ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੌਂਪਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦਾ ਬਿਆਨ ਪੰਜਾਬ ਦੇ ਕਿਸਾਨਾਂ ਨੂੰ ਬੇਇੱਜ਼ਤ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਬਾਹਰੋਂ ਆਨਾਜ ਮੰਗਵਾਉਣ ਲਈ ਮਜਬੂਰ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਹੱਡ ਤੋੜ ਮਿਹਨਤ ਕੀਤੀ ਤੇ ਦੇਸ਼ ਨੂੰ ਆਨਾਜ ਪੱਖੋਂ ਆਤਮਨਿਰਭਰ ਹੀ ਨਹੀਂ ਬਣਾਇਆ, ਸਗੋਂ ਆਨਾਜ ਬਾਹਰਲੇ ਦੇਸ਼ਾਂ ਨੂੰ ਭੇਜਣ ਦੇ ਯੋਗ ਵੀ ਬਣਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਆਪਣੀ ਜ਼ਮੀਨ ਵਿਚ ਬੀਜਦਾ ਹੈ, ਉਸ ਨੂੰ ਹੀ ਉਹ ਅਤੇ ਉਸ ਦਾ ਪਰਿਵਾਰ ਖਾਂਦਾ ਹੈ। ਉਨ੍ਹਾਂ ਕਿਹਾ ਕਿ ਰਸਾਇਣਕ ਖੇਤੀ ਨਾਲ ਰੇਹ, ਸਪਰੇਅ, ਬੀਜਾਂ, ਤੇਲ ਅਤੇ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ ਮਾਲਾ ਮਾਲ ਹੋ ਗਈਆਂ ਹਨ, ਪਰ ਪੰਜਾਬ ਦੇ ਕਿਸਾਨਾਂ ਦੇ ਪੱਲੇ, ਬਿਮਾਰੀਆਂ, ਕਰਜ਼ਾ, ਖ਼ੁਦਕੁਸ਼ੀਆਂ ਹੀ ਪਈਆਂ ਹਨ। ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਹੋਈ ਹੈ।