ਰਾਜਿੰਦਰ ਕੁਮਾਰ
ਬਲੂਆਣਾ (ਅਬੋਹਰ) 10 ਮਾਰਚ
ਹਲਕਾ ਬੱਲੂਆਣਾ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਜੋ ਵੀ ਵਿਧਾਇਕ ਬਣਿਆ ਹੈ, ਸਰਕਾਰ ਉਸੇ ਪਾਰਟੀ ਦੀ ਬਣੀ ਹੈ। ਰਿਜ਼ਰਵ ਹਲਕੇ ਬੱਲੂਆਣਾ ਵਿੱਚ 1992 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਬਾਬੂ ਰਾਮ ਚਾਵਲਾ ਵਿਧਾਇਕ ਚੁਣੇ ਗਏ ਅਤੇ ਸਰਕਾਰ ਕਾਂਗਰਸ ਦੀ ਹੀ ਬਣੀ ।1997 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਗੁਰਤੇਜ ਸਿੰਘ ਘੁੜਿਆਣਾ ਨੂੰ ਜੇਤੂ ਬਣਾਇਆ ਤਾਂ ਸੂਬੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੀ। 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਕਾਸ਼ ਸਿੰਘ ਭੱਟੀ ਕਾਂਗਰਸ ਦੇ ਵਿਧਾਇਕ ਬਣੇ ਤੇ ਸੂਬੇ ਵਿਚ ਸਰਕਾਰ ਕਾਂਗਰਸ ਪਾਰਟੀ ਦੀ ਬਣ ਗਈ। 2012 ਵਿੱਚ ਸ਼੍ਰੋਮਣੀ ਅਕਾਲੀ ਦਲ ਗੁਰਤੇਜ ਸਿੰਘ ਘੁੜਿਆਣਾ ਜੇਤੂ ਰਹੇ ਤੇ ਸਰਕਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੀ । 2017 ਵਿੱਚ ਕਾਂਗਰਸ ਦੇ ਨੱਥੂ ਰਾਮ ਵਿਧਾਇਕ ਬਣੇ ਅਤੇ ਸੂਬੇ ਵਿਚ ਸਰਕਾਰ ਕਾਂਗਰਸ ਦੀ ਬਣੀ। ਇਸ ਵਾਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਉਰਫ ਗੋਲਡੀ ਮੁਸਾਫ਼ਿਰ ਵਿਧਾਇਕ ਬਣੇ ਤੇ ਸਰਕਾਰ ‘ਆਪ’ ਦੀ ਬਣਨ ਜਾ ਰਹੀ ਹੈ। ਇਸ ਤੋਂ ਉਲਟ ਵਿਧਾਨ ਸਭਾ ਅਬੋਹਰ ਹਲਕੇ ਦੇ ਵੋਟਰ ਸਰਕਾਰ ਤੋਂ ਉਲਟ ਵਿਧਾਇਕ ਚੁਣਨ ਦੀ ਹੈਟ੍ਰਿਕ ਲਗਾਉਂਦੇ ਨਜ਼ਰ ਆਏ। ਇਸ ਹਲਕੇ ਦੇ ਲੋਕਾਂ ਨੇ ਇਸ ਵਾਰ ਸੱਤਾ ਵਿੱਚ ਆਉਣ ਵਾਲੀ ਪਾਰਟੀ ਤੋਂ ਉਲਟ ਪਾਰਟੀ ਨੂੰ ਵੋਟਾਂ ਦੇ ਕੇ ਜੇਤੂ ਬਣਾਉਣ ਦੀ ਹੈਟ੍ਰਿਕ ਪੂਰੀ ਕਰ ਲਈ ।