ਪੱਤਰ ਪ੍ਰੇਰਕ
ਭੁੱਚੋ ਮੰਡੀ, 13 ਦਸੰਬਰ
ਖੇਤੀ ਕਨੂੰਨਾਂ ਖ਼ਿਲਾਫ਼ ਸਾਢੇ ਚੌਦਾਂ ਮਹੀਨਿਆਂ ਤੋਂ ਚੱਲ ਰਹੇ ਦਿੱਲੀ ਮੋਰਚੇ ਨੂੰ ਫ਼ਤਿਹ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਤੇ ਬਲਾਕ ਖਜ਼ਾਨਚੀ ਜਗਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਚੱਕ ਫ਼ਤਿਹ ਸਿੰਘ ਵਾਲਾ ’ਚ ਪਹੁੰਚੇ ਕਿਸਾਨਾਂ ਤੇ ਬੀਬੀਆਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਦੇ ਵੱਡੇ ਕਾਫ਼ਲੇ ਨੇ ਇਨ੍ਹਾਂ ਯੋਧਿਆਂ ਨੂੰ ਢੋਲ ਦੇ ਡੱਗੇ ’ਤੇ ਪਿੰਡ ਵਿੱਚ ਲਿਆਂਦਾ ਤੇ ਗਲੀਆਂ ਵਿੱਚ ਜੇਤੂ ਮਾਰਚ ਕੱਢਿਆ। ਕਿਰਤੀ ਲੋਕਾਂ ਨੇ ਪਿੰਡ ਦੀ ਸੱਥ ਵਿੱਚ ਸੰਘਰਸ਼ੀ ਕਿਸਾਨਾਂ ਤੇ ਬੀਬੀਆਂ ਦਾ ਹਾਰ ਪਾ ਕੇ ਸਨਮਾਨ ਕੀਤਾ ਤੇ ਲੱਡੂ ਵੰਡੇ ਗਏ। ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਸਮੂਹ ਪਿੰਡ ਵਾਸੀਆਂ ਨੂੰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੀ ਸੰਯੁਕਤ ਮੋਰਚੇ ਵੱਲੋਂ ਕੋਈ ਕਾਲ ਆਉਂਦੀ ਸੀ, ਤਾਂ ਕਿਰਤੀ ਲੋਕ ਉਸੇ ਸਮੇਂ ਕਮਰਕੱਸੇ ਕੱਸ ਕੇ ਦਿੱਲੀ ਦੇ ਬਾਰਡਰਾਂ ’ਤੇ ਪਹੁੰਚ ਜਾਂਦੇ ਸਨ। ਇਸ ਜਿੱਤ ਦਾ ਸਿਹਰਾ ਇਕੱਲੇ ਆਗੂਆਂ ਨੂੰ ਹੀ ਨਹੀਂ, ਜਾਨ ਵਾਰਨ ਵਾਲੇ ਕਿਸਾਨ ਸ਼ਹੀਦਾਂ, ਸਮੁੱਚੇ ਕਿਰਤੀ ਲੋਕਾਂ ਤੇ ਬੀਬੀਆਂ ਸਿਰ ਜਾਂਦਾ ਹੈ।
ਮਮਦੋਟ (ਜਸਵੰਤ ਸਿੰਘ ਥਿੰਦ) ਦਿੱਲੀ ਵਿੱਚ ਤਿੰਨੇ ਕਾਲੇ ਕਾਨੂੰਨਾਂ ਵਿਰੁੱਧ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਹਾਂ ਰਹੇ ਕਿਸਾਨ ਆਗੂਆਂ ਦਾ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਮਹਿਮਾ ਦੇ ਪਿੰਡ ਡਕੌਂਦਾ ਗਰੁੱਪ ਦੇ ਪੰਜਾਬ ਦੇ ਆਗੂ ਹਰਨੇਕ ਸਿੰਘ ਮੁਹਿਮਾ ਤੇ ਉਨ੍ਹਾਂ ਦੇ ਸਾਥੀਆਂ ਦਾ ਫ਼ਿਰੋਜ਼ਪੁਰ ਪੁੱਜਣ ’ਤੇ ਖਾਈ ਫੇਮੇ ਕੀ ਦੇ ਨੇੜੇ ਟੀ ਪੁਆਇੰਟ ’ਤੇ ਕਿਸਾਨਾਂ ਵੱਲੋਂ ਤੇ ਆਮ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਤੇ ਭੰਗੜੇ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਉਹ ਹੁਣ ਦਿੱਲੀ ਦਾ ਮੋਰਚਾ ਫਤਿਹ ਕਰ ਕੇ ਪੰਜਾਬ ਪੁੱਜ ਗਏ ਹਨ ਹੁਣ ਚੰਨੀ ਸਰਕਾਰ ਤੋਂ ਪਿਛਲੇ ਸਾਢੇ ਚਾਰ ਸਾਲਾਂ ਦਾ ਹਿਸਾਬ ਮੰਗਿਆ ਜਾਵੇਗਾ।
ਟੱਲੇਵਾਲ (ਲਖਵੀਰ ਸਿੰਘ ਚੀਮਾ) ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਅੰਦੋਲਨ ਜਿੱਤ ਕੇ ਮੁੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਫ਼ਲੇ ਦਾ ਪਿੰਡ ਟੱਲੇਵਾਲ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਟੱਲੇਵਾਲ ਤੋਂ 10 ਕਿਲੋਮੀਟਰ ਪਿੱਛੇ ਪਿੰਡ ਬਖਤਗੜ੍ਹ ਤੋਂ ਜਥੇਬੰਦੀ ਦੇ ਇਸ ਕਾਫਲੇ ਨੂੰ ਢੋਲ ਦੇ ਡਗੇ ਤੇ ਖੁਸ਼ੀਆਂ ਮਨਾਉਂਦੇ ਹੋਏ ਪਿੰਡ ਵਾਸੀ ਲੈ ਕੇ ਗਏ। ਦਿੱਲੀ ਤੋਂ ਵਾਪਸ ਪਰਤੇ ਜੱਥੇਬੰਦੀ ਦੇ ਸੂਬਾ ਆਗੂ ਮਾਸਟਰ ਹਰਦੀਪ ਸਿੰਘ ਟੱਲੇਵਾਲ, ਇਕਾਈ ਪ੍ਰਧਾਨ ਜਰਨੈਲ ਸਿੰਘ, ਸੀਨੀ.ਆਗੂ ਮਾ. ਰਣਜੀਤ ਸਿੰਘ ਟੱਲੇਵਾਲ ਤੇ ਸਮੁੱਚੇ ਜੱਥੇਬੰਦੀ ਆਗੂਆਂ ਦੇ ਪਿੰਡ ਵਾਸੀਆਂ ਵੱਲੋਂ ਹਾਰ ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।
ਚਾਉਕੇ (ਰਮਨਦੀਪ ਸਿੰਘ) ਕਾਲੇ ਖੇਤੀ ਕਾਨੂੰਨਾਂ ਤੇ ਬਾਕੀ ਮੰਗਾਂ ਦੇ ਸਬੰਧ ਵਿੱਚ ਦਿੱਲੀ ਦੀ ਜੰਗ ਜਿੱਤ ਕੇ ਮੁੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਸਮੇਤ ਸਮੁੱਚੀ ਟੀਮ ਦਾ ਅੱਜ ਪਿੰਡ ਰਾਮਪੁਰਾ ਸਮੇਤ ਪੂਰੇ ਇਲਾਕੇ ਨੇ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ, ਢੋਲਢਮੱਕਾ ਕਰਦਿਆਂ, ਪਟਾਕੇ ਚਲਾਉਂਦਿਆਂ, ਜਲੇਬੀਆਂ ਦੇ ਲੰਗਰ ਲਾ ਕੇ ਨੱਚ ਟੱਪ ਕੇ, ਮੋਦੀ ਸਰਕਾਰ ਖ਼ਿਲਾਫ਼ ਤੇ ਕਿਸਾਨ ਯੂਨੀਅਨਾਂ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਸਾਨਦਾਰ ਸਵਾਗਤ ਤੇ ਸਨਮਾਨ ਕੀਤਾ। ਇਸ ਮੌਕੇ ਸੰਖੇਪ ਰੈਲੀ ਕਰਕੇ ਆਗੂਆਂ ’ਚੋਂ ਗੁਰਦੀਪ ਸਿੰਘ ਨੂੰ ਇੱਕ ਨਵੀਂ ਸਕੂਟਰੀ, ਮਜ਼ਦੂਰ ਆਗੂ ਨੂੰ ਸਾਈਕਲ ਤੇ ਹੋਰ ਆਗੂਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।
‘ਦਿੱਲੀ ਫ਼ਤਿਹ’ ਦੀ ਕੇਕ ਕੱਟ ਕੇ ਮਨਾਈ ਖੁਸ਼ੀ
ਟੱਲੇਵਾਲ (ਲਖਵੀਰ ਸਿੰਘ ਚੀਮਾ) ਖੇਤੀ ਕਾਨੂੰਨਾਂ ਦੀ ਜਿੱਤ ਨੂੰ ਲੈ ਕੇ ਪੰਜਾਬ ’ਚ ਖੁਸ਼ੀਆਂ ਤੇ ਜਸ਼ਨ ਦਾ ਮਾਹੌਲ ਹੈ। ਜਿਸਨੂੰ ਲੈ ਕੇ ਪਿੰਡਾਂ ਦੇ ਕਿਸਾਨ ਆਪੋ ਆਪਣੇ ਪੱਧਰ ’ਤੇ ਖੁਸ਼ੀ ਮਨਾ ਰਹੇ ਹਨ। ਪਿੰਡ ਚੀਮਾ ਵਿੱਚ ਨੌਜਵਾਨਾਂ ਅਤੇ ਕਿਸਾਨਾਂ ਵੱਲੋਂ ਕਹੀ ਨਾਲ ਕੇਕ ਕੱਟ ਕੇ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਨੌਜਵਾਨ ਆਗੂ ਮਲਕੀਤ ਸਿੰਘ, ਨਵਜੀਤ ਨਵੀ, ਅਗਤਾਰ ਸਿੰਘ, ਬਲਵੀਰ ਸਿੰਘ ਧਾਲੀਵਾਲ, ਗੋਬਿੰਦ ਸਿੰਘ ਮਣਕੂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਵੱਡੀ ਇਤਿਹਾਸਕ ਜਿੱਤ ਹੋਈ ਹੈ। ਜਿਸਦੀ ਖੁਸ਼ੀ ਮਨਾਉਣ ਲਈ ਉਨ੍ਹਾਂ ਵੱਲੋਂ ਬਰਨਾਲਾ ਤੋਂ ‘ਦਿੱਲੀ ਫ਼ਤਿਹ’ ਦਾ ਵਿਸ਼ੇਸ਼ ਕੇਕ ਤਿਆਰ ਕਰਵਾਇਆ ਤੇ ਕਿਸਾਨ ਦਾ ਹਥਿਆਰ ਕਹੀ ਨਾਲ ਇਸਨੂੰ ਕੱਟ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ।
ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਜਲੇਬੀਆਂ ਦਾ ਲੰਗਰ ਭਲਕੇ
ਭੁੱਚੋ ਮੰਡੀ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕਨੂੰਨ ਰੱਦ ਕਰਵਾਉਣ ਦੀ ਖੁਸ਼ੀ ਵਿੱਚ ਜ਼ਿਲ੍ਹਾ ਬਠਿੰਡਾ ਦੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ 15 ਦਸੰਬਰ ਨੂੰ ਮੋਰਚੇ ਦੀ ਸਮਾਪਤੀ ਮੌਕੇ ਜੇਤੂ ਜਸ਼ਨ ਮਨਾਉਣ ਦਾ ਐਲਾਨ ਕੀਤਾ ਹੈ। ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਸੂਬਾਈ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ 15 ਦਸੰਬਰ ਨੂੰ ਟੌਲ ਪਲਾਜ਼ਾ ਲਹਿਰਾ ਬੇਗਾ ਅਤੇ ਟੌਲ ਪਲਾਜ਼ਾ ਜੀਦਾ ’ਤੇ ਜਿੱਤ ਦੇ ਜਸ਼ਨ ਮਨਾਏ ਜਾਣਗੇ। ਇਸ ਮੌਕੇ ਹਜ਼ਾਰਾਂ ਦੇ ਇਕੱਠ ਲਈ ਜਲੇਬੀਆਂ ਦੇ ਲੰਗਰ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਸ਼ਾਮਲ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੇ ਕਾਫ਼ਲਿਆਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਆਵਾਜਾਈ ਦੇ ਕੰਟਰੋਲ ਲਈ ਵਾਲੰਟੀਅਰਾਂ ਦੀ ਡਿਊਟੀ ਲਗਾ ਦਿੱਤੀਆਂ ਹਨ। ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਟੌਲ ਵਿੱਚ ਕੀਤਾ ਵਾਧਾ, ਪੰਜਾਬ ਸਰਕਾਰ ਵੱਲੋਂ ਕੀਤੇ ਚੋਣ ਵਾਅਦੇ ਅਤੇ ਨਰਮੇ ਦੇ ਮੁਆਵਜ਼ੇ ਲਈ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਬੈਸਟ ਪ੍ਰਾਈਸ ਅਤੇ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਵੀ ਕੀਤਾ।