ਪੱਤਰ ਪ੍ਰੇਰਕ
ਲੰਬੀ/ਡੱਬਵਾਲੀ, 1 ਅਕਤੂਬਰ
ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ (ਪੰਜਾਬ) ਬੀਤੀ 5 ਸਤੰਬਰ ਨੂੰ ਫਤਹਿਗੜ੍ਹ ਸਾਹਿਬ ਵਿੱਚ ਰੈਲੀ ਤੋਂ ਪਰਤਦੇ ਸਮੇਂ ਸੜਕ ਹਾਦਸੇ ’ਚ ਗੰਭੀਰ ਜਖ਼ਮੀ ਹੋਏ ਲੰਬੀ ਹਲਕੇ ਦੇ ਚਾਰ ਅਧਿਆਪਕਾਂ ਦੀ ਪਿੱਠ ’ਤੇ ਆ ਖੜ੍ਹੀ ਹੋਈ ਹੈ। ਫਰੰਟ ਨੇ ਚਾਰੇ ਜਖ਼ਮੀ ਅਧਿਆਪਕਾਂ ਦੇ ਸਾਢੇ ਇਲਾਜ ਖਾਤਰ ਸਾਢੇ 3 ਲੱਖ ਦੀ ਮੱਦਦ ਭੇਜੀ ਹੈ। ਜ਼ਿਕਰਯੋਗ ਹੈ ਕਿ ਡੀਟੀਐੱਫ਼ ਬਲਾਕ ਲੰਬੀ ਦੇ ਬਲਾਕ ਪ੍ਰਧਾਨ ਕੁਲਦੀਪ ਸ਼ਰਮਾ ਖੁੱਡੀਆਂ, ਜਸਵਿੰਦਰ ਖੁੱਡੀਆਂ, ਜਸਕੌਲਪ੍ਰੀਤ ਸਿੰਘ (ਡੱਬਵਾਲੀ) ਅਤੇ ਜਸਮੇਲ ਸਿੰਘ (ਬੀਦੋਵਾਲੀ) ਰੈਲੀ ਤੋਂ ਕਾਰ ’ਤੇ ਵਾਪਸੀ ਸਮੇਂ ਸਰਹਿੰਦ-ਪਟਿਆਲਾ ਰੋਡ ’ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਹ ਅਧਿਆਪਕ ਬੀਤੇ ਦਿਨੀਂ ਵੱਖ-ਵੱਖ ਹਸਪਤਾਲਾਂ ਤੋਂ ਘਰਾਂ ’ਚ ਪਰਤੇ ਹਨ। ਡੀਐੱਟਐੱਫ਼ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਖੁਦ ਚੈੱਕ ਸੌਂਪਣ ਲਈ ਚਾਰੇ ਅਧਿਆਪਕਾਂ ਦੇ ਘਰਾਂ ਡੱਬਵਾਲੀ, ਪਿੰਡ ਖੁੱਡੀਆਂ ਅਤੇ ਬੀਦੋਵਾਲੀ ਵਿੱਚ ਗਏ। ਉਨਾਂ ਦੇ ਨਾਲ ਡੀਟੀਐੱਫ ਸ੍ਰੀ ਮੁਕਤਸਰ ਸਾਹਿਬ ਦੇ ਜਿਲਾ ਪ੍ਰਧਾਨ ਲਖਵੀਰ ਹਰੀਕੇ, ਜ਼ਿਲ੍ਹਾ ਸਕੱਤਰ ਰਾਮ ਸਵਰਨ ਲੱਖੇਵਾਲੀ, ਡੀਟੀਐੱਫ ਫਰੀਦਕੋਟ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸੁੱਖੀ ਸਨ। ਸ੍ਰੀ ਸ਼ਰਮਾ ਨੇ ਇਨ੍ਹਾਂ ਅਧਿਆਪਕਾਂ ਦੇ ਘਰਾਂ ’ਚ ਪੁੱਜ ਹਾਲ-ਚਾਲ ਪੁੱਛਿਆ ਅਤੇ ਉਨਾਂ ਨੂੰ ਚੈੱਕ ਸੌਂਪੇ। ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਕਿਹਾ ਕਿ ਚਾਰੇ ਅਧਿਆਪਕਾਂ ਹਿੱਤਾਂ ਲਈ ਸੰਘਰਸ਼ ਵਿੱਚ ਇਹ ਚਾਰੇ ਅਧਿਆਪਕ ਜਖ਼ਮੀ ਹੋਏ ਹਨ। ਜਥੇਬੰਦੀ ਇਨਾਂ ਦੀ ਸਰੀਰਕ ਤੇ ਮਾਨਸਿਕ ਤਕਲੀਫ ਨੂੰ ਮਹਿਸੂਸ ਕਰਦੀ ਹੈ ਅਤੇ ਹਮੇਸ਼ਾਂ ਇਨਾਂ ਸਾਥੀਆਂ ਦੇ ਅੰਗ-ਸੰਗ ਅਤੇ ਉਨਾਂ ਦੇ ਸੰਘਰਸ਼ੀ ਜਜ਼ਬੇ ਨੂੰ ਸਲਾਮ ਕਰਦੀ ਹੈ। ਇਸ ਮੌਕੇ ਪਰਵਿੰਦਰ ਸਿੰਘ ਬਠਿੰਡਾ, ਰਤਨਜੋਤ ਸ਼ਰਮਾ, ਸਰਵਦੀਪ ਘੋਲੀਆ, ਸੁਰਿੰਦਰ ਸੇਤੀਆ, ਰਣਯੋਧ ਸਿੰਘ ਅਤੇ ਜਗਦੀਪ ਖੁੱਡੀਆਂ ਵੀ ਮੌਜੂਦ ਸਨ।