ਜਸਵੰਤ ਸਿੰਘ ਥਿੰਦ
ਮਮਦੋਟ, 12 ਸਤੰਬਰ
ਦਿੱਲੀ ਮੋਰਚੇ ਦੇ ਤਿੰਨ ਸ਼ਹੀਦਾਂ ਜਰਨੈਲ ਸਿੰਘ ਪਿੱਪਲੀ ਚੱਕ, ਮਹਿਲ ਸਿੰਘ ਸ਼ਰੀਂਹ ਵਾਲਾ ਤੇ ਲਵਪ੍ਰੀਤ ਸਿੰਘ ਸਵਾਈਕੇ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਉਨ੍ਹਾਂ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਐੱਸ.ਡੀ.ਐੱਮ .ਦਫ਼ਤਰ ਗੁਰੂ ਹਰਸਹਾਏ ਵਿੱਚ ਲੱਗੇ ਪੱਕੇ ਮੋਰਚੇ ਦੇ 4 ਦਿਨ ਸੁਣਵਾਈ ਨਾ ਹੁੰਦੀ ਵੇਖ ਕੇ ਪੱਕਾ ਮੋਰਚਾ ਜੀਟੀ ਰੋਡ ਫਿਰੋਜ਼ਪੁਰ- ਫ਼ਾਜ਼ਿਲਕਾ ਉੱਤੇ ਤਬਦੀਲ ਕਰ ਦਿੱਤਾ ਤੇ ਟੈਂਟ ਗੱਡ ਦਿੱਤੇ ਤੇ ਕੈਪਟਨ ਸਰਕਾਰ ਤੇ ਹਲਕਾ ਵਿਧਾਇਕ ਗੁਰੂ ਹਰਸਹਾਏ ਅਤੇ ਖੇਡ ਮੰਤਰੀ ਰਾਣਾ ਸੋਢੀ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਧਰਮ ਸਿੰਘ ਸਿੱਧੂ ਨੇ ਕਿਹਾ ਕਿ ਮੰਗਾਂ ਮਨਵਾਉਣ ਤੱਕ ਪੱਕਾ ਮੋਰਚਾ ਜੀਟੀ ਰੋਡ ਉਤੇ ਚੱਲੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਤਿੰਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਸਮੁੱਚਾ ਕਰਜ਼ਾ ਖਤਮ ਸਰਕਾਰ ਦੀ ਪਾਲਿਸੀ ਮੁਤਾਬਕ ਕੀਤਾ ਜਾਵੇ। ਕਿਸਾਨਾਂ, ਮਜ਼ਦੂਰਾਂ ਦਾ ਕਰਜ਼ਾ ਖ਼ਤਮ ਕਰਨ, ਤਾਰ ਪਾਰਲੀਆਂ ਜ਼ਮੀਨਾਂ ਦਾ ਪਿਛਲੇ ਚਾਰ ਸਾਲਾਂ ਦਾ ਮੁਆਵਜ਼ਾ ਤੁਰੰਤ ਦੇਣ, ਗੇਟ 8 ਵਜੇ ਤੋਂ 5 ਵਜੇ ਤੱਕ ਖੋਲ੍ਹਣ, ਮਜ਼ਦੂਰਾਂ ਦੇ ਬਿੱਲ ਬਕਾਏ ਖਤਮ ਕਰਨ ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਤੇ ਝੋਨੇ ਦੀ ਖ਼ਰੀਦ ਲਈ ਫਰਦਾਂ ਨਾ ਦੇਣ ’ਤੇ ਨਵੀਆਂ ਸ਼ਰਤਾਂ ਖ਼ਤਮ ਕਰਨ ਦੀ ਮੰਗ ਕੀਤੀ। ਇਸ ਮੌਕੇ ਗੁਰਬਖਸ਼ ਸਿੰਘ ਪੰਜਗਰਾਈਂ, ਮੰਗਲ ਸਿੰਘ ਗੁੱਦੜਢੰਡੀ, ਨਰਿੰਦਰਪਾਲ ਸਿੰਘ ਜਤਾਲਾ, ਮੇਜ਼ਰ ਸਿੰਘ ਗਜ਼ਨੀਵਾਲਾ, ਮੰਗਲ ਸਿੰਘ ਸਵਾਈਕੇ, ਗੁਰਨਾਮ ਸਿੰਘ ਅਲੀਕੇ, ਸੁਖਵਿੰਦਰ ਸਿੰਘ ਭੱਪਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।