ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਅਪਰੈਲ
ਮੁੱਖ ਕਣਕ ਉਤਪਾਦਕ ਸੂਬਿਆਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਵਿਚ ਆਈ ਤੇਜ਼ੀ ਕਾਰਨ ਹਫ਼ੜਾ ਦਫ਼ੜੀ ਦਾ ਮਾਹੌਲ ਹੈ। ਰਾਜ ਸਰਕਾਰਾਂ ਦੀਆਂ ਏਜੰਸੀਆਂ, ਸਹਿਕਾਰੀ ਅਦਾਰਿਆਂ ਤੇ ਹੋਰਾਂ ਵੱਲੋਂ ਵੀ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ। ਪਰ ਕੇਂਦਰੀ ਏਜੰਸੀ ਐਫਸੀਆਈ (ਫੂਡ ਕਾਰਪੋਰੇਸਨ ਇੰਡੀਆ) ਨੇ ਝੋਨੇ ਬਾਅਦ ਹੁਣ ਕਣਕ ਦੀ ਖ਼ਰੀਦ ਤੋਂ ਵੀ ਮੂੰਹ ਮੋੜ ਲਿਆ ਹੈ। ਏਡੀਸੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 23 ਅਪਰੈਲ ਦੀ ਸ਼ਾਮ ਤੱਕ ਕੁੱਲ 51,12,838 ਕੁਇੰਟਲ ਆਮਦ ਕਣਕ ਵਿੱਚੋਂ 45,55,309 ਕੁਇੰਟਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜੋ ਆਮਦ ਦੀ 89 ਫ਼ੀਸਦੀ ਹੈ। ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਕਿਹਾ ਕਿ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀਬੀਟੀ) ਸਕੀਮ ਤਹਿਤ 274.05 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋ ਚੁੱਕੀ ਹੈ। ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਪਨਗ੍ਰੇਨ ਵੱਲੋਂ 14,60,049 ਕੁਇੰਟਲ, ਮਾਰਕਫੈੱਡ ਵੱਲੋਂ 11,18,686 ਕੁਇੰਟਲ, ਪਨਸਪ ਵੱਲੋਂ 10,24,126 ਕੁਇੰਟਲ ਪੰਜਾਬ ਵੇਅਰਹਾਊਸ ਵੱਲੋਂ 6,98,873 ਅਤੇ ਸਭ ਤੋਂ ਘੱਟ ਐਫਸੀਆਈ ਵੱਲੋਂ 2,86,575 ਕੁਇੰਟਲ ਕਣਕ 23 ਅਪਰੈਲ ਦੀ ਸ਼ਾਮ ਤੱਕ ਖ਼ਰੀਦੀ ਗਈ ਹੈ। ਸਿੱਧੀ ਅਦਾਇਗੀ ਲਈ ਐੱਫਸੀਆਈ ਵੱਲੋਂ ਮੰਗੀਆਂ ਫਰਦਾਂ ਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਕਰਦੇ ਆਖਿਆ ਕਿ ਇਹ ਕਿਸਾਨ ਵਿਰੋਧੀ ਨਵੀਂ ਨੀਤੀ ਦੀ ਉਹ ਨਿਖੇਧੀ ਕਰਦੇ ਹਨ।