ਪਰਮਜੀਤ ਸਿੰਘ
ਫਾਜ਼ਿਲਕਾ, 11ਜੂਨ
ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਭੱਠਾ ਮਜ਼ਦੂਰਾਂ ਨੂੰ ਆਪਣੀ ਮਜ਼ਦੂਰੀ ਲੈਣ ਦੀ ਖਾਤਰ ਡੀਸੀ ਦਫਤਰ ਸਾਹਮਣੇ ਭੁੱਖ ਹੜਤਾਲ ਕਰਨੀ ਪੈ ਰਹੀ ਹੈ। ਇਸੇ ਤਰ੍ਹਾਂ ਪੰਜਾਬ ਭੱਠਾ ਵਰਕਰਜ਼ ਯੂਨੀਅਨ (ਏਟਕ) ਦਾ ਡੀਸੀ ਦਫ਼ਤਰ ਅੱਗੇ ਧਰਨਾ ਬਾਰਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹਰਜਿੰਦਰ ਸਿੰਘ ਜੱਲਾ ਲੱਖੇਕੇਂ ਹਿਠਾਂੜ, ਮੱਘਰ ਸਿੰਘ ਭੰਬਾਂ ਵੱਟੂ ਹਿਠਾਂੜ, ਜਰਨੈਲ ਸਿੰਘ ਜੱਲਾ ਲੱਖੇਕੇਂ ਹਿਠਾਂੜ, ਗੁਰਚਰਨ ਸਿੰਘ ਭੰਬਾਂ ਵੱਟੂ ਉਤਾੜ, ਤਜਿੰਦਰ ਸਿੰਘ ਭੱਬਾਂ ਵੱਟੂ ਉਤਾੜ ਦੀ 24 ਘੰਟੇ ਲਗਾਤਾਰ ਲੜੀਵਾਰ ਭੁੱਖ ਹੜਤਾਲ ਸੂਬਾ ਕੌਂਸਲ ਮੈਂਬਰ ਸੀਪੀਆਈ ਕਾਮਰੇਡ ਸੁਰਿੰਦਰ ਢੰਡੀਆ ਅਤੇ ਪੰਜਾਬ ਭੱਠਾ ਵਰਕਰਜ਼ ਯੂਨੀਅਨ ਏਟਕ ਪੰਜਾਬ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਨੇ ਸ਼ੁਰੂ ਕਰਵਾਈ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਤੈਅ ਕੀਤੇ ਗਏ ਕੱਚੀਆਂ ਇੱਟਾਂ ਨਿਕਾਸੀ ਮਜ਼ਦੂਰੀ ਜੋ 820 ਰੁਪਏ ਇੱਕ ਹਜ਼ਾਰ ਇੱਟਾਂ ਦੀ ਮਜ਼ਦੂਰੀ ਹੈ ਉਹ ਭੱਠਾ ਮਜ਼ਦੂਰਾਂ ਨੂੰ ਨਹੀਂ ਨਹੀਂ ਦਿੱਤੀ ਜਾ ਰਹੀ। ਭੱਠਾ ਮਾਲਕਾਂ ਵੱਲੋਂ ਬੰਦੂਆਂ ਮਜ਼ਦੂਰੀ ਕਰਵਾਕੇ ਕਾਨੂੰਨ ਦੀ ਉਲੰਘਣਾ ਕਰਕੇ ਗ਼ਲਤ ਢੰਗ ਨਾਲ ਲਿਖਤੀ ਬਿਆਨ ਹਲਫੀਆ ਲਏ ਜਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਭੱਠਾ ਮਜ਼ਦੂਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ।