ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 9 ਮਈ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਬਿਜਲੀ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਵੱਖ-ਵੱਖ ਸੰਸਥਾਵਾਂ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਪੱਖੀਆਂ ਭੇਟ ਕਰਦਿਆਂ ਮੰਗ ਕੀਤੀ ਕਿ ਦੂਰ ਖੇਤਰਾਂ ਵਿੱਚੋਂ ਇੱਥੇ ਇਲਾਜ ਲਈ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਹਵਾ, ਪਾਣੀ ਤੇ ਬਿਜਲੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
ਡੀ.ਟੀ.ਐਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਪੀ.ਆਰ.ਟੀ.ਸੀ ਯੂਨੀਅਨ ਅਜ਼ਾਦ ਦੇ ਸੂਬਾਈ ਪ੍ਰਧਾਨ ਸਿਮਰਜੀਤ ਸਿੰਘ ਬਰਾੜ, ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਆਗੂ ਗੁਰਪ੍ਰੀਤ ਸਿੰਘ ਚੰਦਬਾਜਾ, ਕਿਸਾਨ ਆਗੂ ਗੁਰਮੀਤ ਸਿੰਘ ਗੋਲੇਵਾਲਾ ਆਦਿ ਨੇ ਦੱਸਿਆ ਕਿ ਹਸਪਤਾਲ ’ਚ ਇਲਾਜ ਲਈ ਆਏ ਲੋਕਾਂ ਦੀਆਂ ਸ਼ਿਕਾਇਤ ਮਿਲ ਰਹੀਆਂ ਸਨ ਕਿ ਹਸਪਤਾਲ ’ਚ ਪੱਖੇ, ਕੂਲਰ ਅਤੇ ਏ.ਸੀ ਕੰਮ ਨਹੀਂ ਕਰ ਰਹੇ ਤੇ ਨਾ ਹੀ ਪੀਣਯੋਗ ਪਾਣੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਅਧਿਕਾਰੀਆ ਦੇ ਧਿਆਨ ’ਚ ਵੀ ਲਿਆਂਦਾ ਸੀ। ਇਸ ਦੇ ਬਾਵਜੂਦ ਪ੍ਰਬੰਧਾਂ ’ਚ ਕੋਈ ਸੁਧਾਰ ਨਹੀਂ ਹੋਇਆ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਚੋਰਾਂ ਵੱਲੋਂ 100 ਦੇ ਕਰੀਬ ਏ.ਸੀਆਂ ਦੀਆਂ ਪਾਈਪਾਂ ਚੋਰੀ ਕਰ ਲਈਆਂ ਸਨ ਪਰ ਮਹੀਨੇ ਤੋਂ ਵੱਧ ਸਮਾਂ ਬੀਤਣ ’ਤੇ ਵੀ ਏ.ਸੀ. ਠੀਕ ਨਹੀਂ ਹੋਏ। ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਰੇ ਵਾਰਡਾਂ ਤੇ ਗੈਲਰੀਆਂ ’ਚ ਨਵੇਂ ਪੱਖੇ ਲੁਆਏ ਗਏ ਹਨ ਤੇ ਮਰੀਜ਼ਾਂ ਤੇ ਵਾਰਸਾਂ ਦੀ ਸਹੂਲਤ ਲਈ ਕੂਲਰਾਂ ਤੇ ਏ.ਸੀ. ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਨੇ ਅਜੇ ਤੱਕ ਉਨ੍ਹਾਂ ਕੋਲ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਡੀਕਲ ਸੁਪਰਡੈਂਟ ਨੂੰ ਪਹਿਲਾਂ ਹੀ ਲਿਖਤੀ ਹਦਾਇਤ ਭੇਜੀ ਗਈ ਹੈ ਕਿ ਹਸਪਤਾਲ ’ਚ ਸਫ਼ਾਈ ਤੇ ਬਿਜਲੀ ਪਾਣੀ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ।