ਪਰਸ਼ੋਤਮ ਬੱਲੀ
ਬਰਨਾਲਾ, 24 ਸਤੰਬਰ
ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਪਿਓ ਪੁੱਤਰ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮਹੱਤਿਆ ਕਰ ਲਈ। ਮੁੱਖ ਬੱਸ ਅੱਡਾ ਪੁਲੀਸ ਚੌਂਕੀ ਦੇ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗਲੀ ਨੰਬਰ 5-ਏ ਵਾਸੀ ਭਾਰਤ ਭੂਸ਼ਨ ਪੁੱਤਰ ਗਣੇਸ਼ ਦਾਸ ਅਤੇ ਉਸ ਦੇ ਪੁੱਤਰ ਮੁਨੀਸ਼ ਕੁਮਾਰ ਇੱਕ ਕਿਰਾਏ ਦੇ ਮਕਾਨ ’ਚ ਰਹਿ ਕੇ ਗੁਜ਼ਾਰਾ ਕਰ ਰਹੇ ਸਨ। ਪਿਤਾ ਭਾਰਤ ਭੂਸ਼ਨ ਆਂਡਿਆਂ ਦੀ ਰੇਹੜੀ ਲਗਾ ਕੇ ਅਤੇ ਬੇਟਾ ਮੁਨੀਸ਼ ਕੁਮਾਰ ਛੋਟਾ ਹਾਥੀ ਗੱਡੀ ’ਤੇ ਡਰਾਈਵਰ ਵਜੋਂ ਕੰਮ ਕਰਕੇ ਪਰਿਵਾਰ ਦਾ ਪਾਲਣ-ਪੌਸ਼ਣ ਕਰ ਰਹੇ ਸਨ ਪਰ ਕਰੋਨਾ ਮਹਾਂਮਾਰੀ ਦੌਰ ਕਾਰਨ ਮੰਦੀ ਦੇ ਸਿੱਟੇ ਵਜੋਂ ਪਿਛਲੇ ਕੁੱਝ ਸਮੇਂ ਤੋਂ ਦੋਵੇਂ ਪਿਓ ਪੁੱਤਰ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਰਹਿਣ ਲੱਗੇ ਸਨ ਜਿਸ ਕਾਰਨ ਉਨ੍ਹਾਂ ਨੇ ਜ਼ਹਿਰੀਲੀ ਵਸਤੂ ਨਿਗਲ ਲਈ।