ਪੱਤਰ ਪ੍ਰੇਰਕ
ਸ਼ਹਿਣਾ, 20 ਅਕਤੂਬਰ
ਬਰਨਾਲਾ-ਬਾਜਾਖਾਨਾ ਰੋਡ ’ਤੇ ਬਲਾਕ ਸ਼ਹਿਣਾ ਦੇ ਜਗਜੀਤਪੁਰਾ ਕੋਲ ਲੱਗੇ ਹੋਏ ਨਾਜਾਇਜ਼ ਟੌਲ ਪਲਾਜ਼ੇ ਨੂੰ ਪੁਟਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਦਿਨ-ਰਾਤ ਪੱਕਾ ਮੋਰਚਾ ਜਾਰੀ ਹੈ। ਅੱਜ ਸੰਘਰਸ਼ੀ ਲੋਕਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਭੋਲਾ ਸਿੰਘ ਛੰਨਾ ਬਲਾਕ ਪ੍ਰਧਾਨ ਸ਼ਹਿਣਾ, ਦਰਸ਼ਨ ਸਿੰਘ ਮਹਿਤਾ ਜਿਲਾ ਮੀਤ ਪ੍ਰਧਾਨ, ਕਾਲ਼ਾ ਸਿੰਘ ਜੈਦ ਪ੍ਰੈਸ ਸਕੱਤਰ, ਗੁਰਮੇਲ ਸ਼ਰਮਾ, ਭਿੰਦਾ ਢਿੱਲਵਾਂ, ਬਲਵਿੰਦਰ ਸਿੰਘ ਅਲਕੜਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾੜ੍ਹੀ ਦੀ ਫਸਲਾਂ ਦੇ ਭਾਅ ਵਿੱਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ। ਉਨ੍ਹਾ ਕਿਹਾ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਦਿਨੋਂ-ਦਿਨ ਮੁਨਾਫ਼ੇ ਦੇ ਰਹੀ ਹੈ ਅਤੇ ਕਿਰਤੀ ਕਿਸਾਨ ਮਜ਼ਦੂਰਾਂ ਦਾ ਗਲ਼ਾ ਘੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦਾ ਭਾਅ ਤੈਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੱਥੇਬੰਦੀਆਂ ਵੱਲੋਂ ਆਰੰਭ ਕੀਤੇ ਗਏ ਸੰਘਰਸ਼ ਤਹਿਤ ਆਪਣੀਆਂ ਸਾਰੀਆਂ ਹੀ ਮੰਗਾਂ ਮੰਨਵਾਈਆ ਜਾਣਗੀਆਂ ਅਤੇ ਪਿੰਡ ਜਗਜੀਤਪੁਰਾ ਕੋਲ ਲੱਗੇ ਇਸ ਟੌਲ ਪਲਾਜ਼ਾ ਚੁਕਵਾਉਣ ਲਈ ਦਿਨ ਰਾਤ ਦਾ ਧਰਨਾ ਜਾਰੀ ਰਹੇਗਾ।