ਪੱਤਰ ਪ੍ਰੇਰਕ
ਮਾਨਸਾ, 16 ਅਕਤੂਬਰ
ਬੇਸ਼ੱਕ ਸਰਕਾਰੀ ਦਫ਼ਤਰਾਂ ਵਿੱਚ ਐਤਵਾਰ ਦੀ ਛੁੱਟੀ ਸੀ ਅਤੇ ਜ਼ਿਲ੍ਹਾ ਕਚਹਿਰੀਆਂ ਵਿੱਚ ਚੁੱਪ ਪਸਰੀ ਹੋਈ ਸੀ, ਇਸ ਦੇ ਬਾਵਜੂਦ ਲਗਾਤਾਰ 6 ਦਿਨਾਂ ਤੋਂ ਧਰਨੇ ’ਤੇ ਬੈਠੇ ਕਿਸਾਨ ਸਰਕਾਰ ਖਿਲਾਫ਼ ਅੱਜ ਵੀ ਗਰਜਦੇ ਰਹੇ। ਅੰਦੋਲਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾ ਕੇ ਹੀ ਘਰਾਂ ਨੂੰ ਜਾਣਗੇ ਅਤੇ ਦਿਨ-ਰਾਤ ਦੇ ਇਸ ਧਰਨੇ ਉਤੇ ਡੱਟੇ ਰਹਿਣਗੇ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਗੁਰਚਰਨ ਸਿੰਘ ਉੱਲਕ ਨੇ ਕਿਹਾ ਕਿ ਸਰਕਾਰ ਚੁੱਪ ਸਾਧ ਕੇ ਕਿਰਤੀ ਵਰਗ ਨਾਲ ਘਿਣਾਉਨਾ ਮਜ਼ਾਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਚੁੱਪ ਤੋੜਨ ਤੱਕ ਇਹ ਸੰਘਰਸ਼ੀ ਲੋਕ ਇਸੇ ਤਰ੍ਹਾਂ ਡੱਟੇ ਰਹਿਣਗੇ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਿਰ ’ਤੇ ਆ ਗਈ ਹੈ, ਪਰ ਡੀਏਪੀ ਖਾਦ ਬਾਝੋਂ ਕਿਸਾਨੀ ਰੁਲ ਰਹੀ ਹੈ ਅਤੇ ਜੇ ਕੋਈ ਦੁਕਾਨਦਾਰ ਚੋਰੀ ਛੁਪੇ ਡੀਏਪੀ ਦੇ ਰਿਹਾ ਹੈ ਤਾਂ ਹੋਰ ਵਾਧੂ ਸਮਾਨ ਕਿਸਾਨਾਂ ਨੂੰ ਖਰੀਦਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੋਰ ਬਜ਼ਾਰੀ ਰੋਕਣ ਲਈ ਸਰਕਾਰ ਦਾ ਖੇਤੀਬਾੜੀ ਵਿਭਾਗ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਰਕਾਰ ਨੂੰ ਫੌਰੀ ਡੀਏਪੀ ਦਾ ਪ੍ਰਬੰਧ ਕਰਕੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਏ ਬਿਨਾਂ ਇਹ ਸੰਘਰਸ਼ੀ ਲੋਕ ਘਰ ਨਹੀਂ ਪਰਤਣਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮੀਂਹ ਕਾਰਨ ਖਰਾਬ ਹੋਈਆਂ ਫਸਲਾਂ ਅਤੇ ਨਰਮੇ ਦਾ ਮੁਆਵਜ਼ਾ ਜਲਦ ਤੋਂ ਜਲਦ ਜਾਰੀ ਕਰੇ। ਪਰਾਲੀ ਦੀ ਸਮੱਸਿਆ ਦਾ ਢੂਕਵਾਂ ਹੱਲ ਕੱਢਿਆ ਜਾਵੇ ਅਤੇ ਕਿਸਾਨਾਂ ਵਿਰੁੱਧ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਇਸ ਮੌਕੇ ਰਾਜ ਸਿੰਘ ਖਾਰਾ, ਸਿਕੰਦਰ ਸਿੰਘ ਭੈਣੀ, ਕਰਨੈਲ ਸਿੰਘ ਚੋਟੀਆਂ, ਸੋਨੀ, ਜੱਸੀ ਸਿੰਘ ਅਕਲੀਆ, ਗੁਰਮੇਲ ਸਿੰਘ ਚਕੇਰੀਆਂ, ਅਜੈਬ ਸਿੰਘ ਰਾਏਪੁਰ, ਰੂਪ ਸਿੰਘ ਨੇ ਵੀ ਸੰਬੋਧਨ ਕੀਤਾ।