ਖੇਤਰੀ ਪ੍ਰਤੀਨਿਧ
ਬਰਨਾਲਾ, 12 ਸਤੰਬਰ
ਇੱਥੋਂ ਮਹਿਜ਼ 10 ਕੁ ਕਿਲੋਮੀਟਰ ਦੀ ਦੂਰੀ ਤੇ ਬਰਨਾਲਾ-ਬਾਜਾਖਨਾ ਸੜਕ ’ਤੇ ਲੱਗਾ ਪੱਖੋ ਕੈਂਚੀਆਂ ਟੌਲ ਪਲਾਜ਼ਾ ਚੁਕਵਾਉਣ ਲਈ ਲੰਘੀ 26 ਅਗਸਤ ਤੋਂ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਟੌਲ ਦਾ ਘਿਰਾਓ ਕਰੀ ਬੈਠੇ ਕਿਸਾਨ ਅੱਜ ਕਾਫ਼ਲੇ ਬੰਨ੍ਹ ਕੇ ਡੀਸੀ ਦਫ਼ਤਰ ਪੁੱਜ ਕੇ ਧਰਨੇ ‘ਤੇ ਡਟ ਗਏ।
ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਇਹ ਟੌਲ ਨਿਯਮਾਂ ਅਨੁਸਾਰ ਨਹੀਂ ਹੈ, ਇਸ ਕਥਿਤ ਘਪਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਜਾਂਚ ਉਪਰੰਤ ਦੋਸ਼ੀ ਕੰਪਨੀ ਦੀ ਜਾਇਦਾਦ ਜ਼ਬਤ ਕਰਕੇ ਲੋਕਾਂ ਤੋਂ ਕੀਤੀ ਵਸੂਲੀ ਵਾਪਸ ਕਰਵਾਈ ਜਾਵੇ। ਆਗੂਆਂ ਨੇ ਕਿਹਾ ਕਿ ਟੌਲ ਖਾਤਮੇਂ ਤੱਕ ਪਲਾਜ਼ੇ ਦਾ ਘਿਰਾਓ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਬਾਬੂ ਸਿੰਘ ਖੁੱਡੀਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਜੁਗਰਾਜ ਹਰਦਾਸਪੁਰਾ, ਕੁਲਵੰਤ ਸਿੰਘ ਭਦੌੜ, ਭੋਲਾ ਸਿੰਘ ਛੰਨਾਂ, ਅਮਰਜੀਤ ਠੁੱਲੀਵਾਲ, ਦਰਸ਼ਨ ਸਿੰਘ ਰਾਏਸਰ, ਦਰਸ਼ਨ ਮਹਿਤਾ ਤੇ ਮਹਿੰਦਰ ਸਿੰਘ ਭੈਣੀ ਬਾਘਾ ਤੇ ਸਾਹਬ ਸਿੰਘ ਬਡਬਰ ਆਦਿ ਆਗੂ ਹਾਜ਼ਰ ਸਨ।