ਮੁੱਖ ਅੰਸ਼
- ਮਸਲੇ ਹੱਲ ਕਰਨ ਲਈ ਮੁੱਖ ਮੰਤਰੀ ’ਤੇ ਵਾਰ ਵਾਰ ਮੀਟਿੰਗਾਂ ਟਾਲਣ ਦਾ ਲਾਇਆ ਦੋਸ਼
- ਸਕੱਤਰੇਤ ਦੇ ਅੱਗੇ ਟਰੈਕਟਰ-ਟਰਾਲੀ ਖੜ੍ਹੀ ਕੀਤੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੂਬਾ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਤੋਂ ਇਲਾਵਾ ਹੋਰ ਭੱਖਦੇ ਮਸਲੇ ਹੱਲ ਕਰਵਾਉਣ ਲਈ ਜ਼ਿਲ੍ਹਾ ਸਕੱਤਰੇਤ ਅੱਗੇ 20 ਦਸੰਬਰ ਤੋਂ ਚੱਲ ਰਿਹਾ ਦਿਨ ਰਾਤ ਦਾ ਪੱਕਾ ਧਰਨਾ ਅਣਮਿਥੇ ਸਮੇਂ ਲਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਜਥੇਬੰਦੀ ਦੇ ਸੁਬਾਈ ਆਗੂ ਸੁਖਦੇਵ ਸਿੰਘ ਕੋਕਰੀ ਅਤੇ ਬਲੌਰ ਸਿੰਘ ਘਾਲੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਥੇਬੰਦੀ ਨਾਲ ਭਲਕੇ 3 ਜਨਵਰੀ ਦੀ ਹੋਣ ਵਾਲੀ ਮੀਟਿੰਗ ਚੌਥੀ ਵਾਰ ਫਿਰ ਟਾਲ ਦਿੱਤੀ ਹੈ। ਹੁਣ ਇਹ ਮੀਟਿੰਗ 7 ਜਨਵਰੀ ਨੂੰ ਤੈਅ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ 16 ਦਸੰਬਰ, ਉਸ ਤੋਂ ਬਾਅਦ 28 ਅਤੇ 30 ਦਸੰਬਰ ਅਤੇ 3 ਜਨਵਰੀ ਨੂੰ ਰੱਖੀ ਗਈ ਮੀਟਿੰਗ ਅੱਗੇ ਪਾਉਣ ਨਾਲ ਸਰਕਾਰ ਦੀ ਟਾਲ-ਮਟੋਲ ਨੀਤੀ ਬੇਨਕਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮੰਨਣ ਤੱਕ ਸਕੱਤਰੇਤ ਦੇ ਦੋਵੇਂ ਗੇਟ ਬੰਦ ਰੱਖੇ ਜਾਣਗੇ। ਉਨ੍ਹਾਂ ਆਖਿਆ ਕਿ ਅਧਿਕਾਰੀ, ਮੁਲਾਜ਼ਮ ਤੇ ਆਮ ਲੋਕ ਸਿਰਫ਼ ਪੈਦਲ ਸਕੱਤਰੇਤ ਅੰਦਰ ਜਾ ਸਕਣਗੇ। ਅੱਜ ਵੀ ਕਿਸਾਨਾਂ ਨੇ ਸਕੱਤਰੇਤ ਦੇ ਗੇਟ ਬੰਦ ਰੱਖ ਕੇ ਧਰਨਾ ਦਿੱਤਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਇਸ ਦੌਰਾਨ ਚੋਣ ਜ਼ਾਬਤਾ ਲੱਗ ਜਾਂਦਾ ਹੈ ਤਾਂ ਉਹ ਕਾਂਗਰਸੀ ਉਮੀਦਵਾਰਾਂ ਦਾ ਪਿੰਡਾਂ ’ਚ ਘਿਰਾਓ ਕਰਨਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੈ, ਗੁਰਮੀਤ ਸਿੰਘ ਕਿਸ਼ਨਪੁਰਾ, ਲਖਵੀਰ ਸਿੰਘ ਤੂਰ ਖੋਸਾ ਪਾਂਡੋ ਮੌਜੂਦ ਸਨ।
ਕਿਸਾਨਾਂ ਵੱਲੋਂ ਡੀਸੀ ਦਫ਼ਤਰਾਂ ਦਾ ਘਿਰਾਓ ਜਾਰੀ
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ 20 ਦਸੰਬਰ ਤੋਂ ਡੀ.ਸੀ. ਦਫਤਰ ਨੇੜੇ ਸ਼ੁਰੂ ਕੀਤੇ ਦਿਨ-ਰਾਤ ਦੇ ਮੋਰਚੇ ਦੌਰਾਨ ਪਿਛਲੇ ਲਗਾਤਾਰ ਤਿੰਨ ਦਿਨਾਂ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਦੇ ਮੁੱਖ ਗੇਟਾਂ ਦਾ ਘਿਰਾਓ ਜਾਰੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਆਨਾਕਾਨੀ ਕਰਕੇ ਚੋਣ ਜ਼ਾਬਤੇ ਨੂੰ ਉਡੀਕ ਰਹੀ ਹੈ, ਪਰ ਜਥੇਬੰਦੀ ਜ਼ਾਬਤੇ ਤੋਂ ਬਾਅਦ ਵੀ ਸੰਘਰਸ਼ ਦੀ ਪੂਰੀ ਤਿਆਰੀ ਕਰੀ ਬੈਠੀ ਹੈ। ਉਧਰ ਇਨ੍ਹਾਂ ਧਰਨਿਆਂ-ਘਿਰਾਓ ਦੌਰਾਨ ਸੋਮਵਾਰ ਨੂੰ ਖੁੱਲ੍ਹਣ ਜਾ ਰਹੇ ਡੀਸੀ ਦਫ਼ਤਰਾਂ ਦੇ ਕੰਮ-ਕਾਜ ਪ੍ਰਭਾਵਿਤ ਹੋਣਗੇ।ਮਾਨਸਾ ਦੇ ਡੀਸੀ ਦਫ਼ਤਰ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਸਰਕਾਰ ਮੰਨੀਆਂ ਮੰਗਾਂ ਨੂੰ ਪੂਰਾ ਕਰੇ, ਜਿੰਨਾਂ ਵਿੱਚ ਨਰਮੇ ਦੇ ਖਰਾਬੇ ਦਾ ਮੁਆਵਜਾ 17 ਹਜ਼ਾਰ ਪ੍ਰਤੀ ਏਕੜ ਜਲਦੀ ਦੇਵੇ, 5 ਏਕੜ ਵਾਲੀ ਸ਼ਰਤ ਖਤਮ ਕਰੇ, 2-2 ਲੱਖ ਦੇ ਕਰਜ਼ੇ ਉੱਪਰ ਲੀਕ ਮਾਰੇ, ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਿਰ ਚੜ੍ਹੇ ਕਰਜ਼ੇ ਖਤਮ ਕਰੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਦਿੱਲੀ ਮੋਰਚੇ ਦੇ ਸ਼ਹੀਦ ਹੋਏ ਪਰਿਵਾਰਾਂ ਨੂੰ ਨੌਕਰੀਆਂ ਅਤੇ ਮੁਆਵਜ਼ੇ ਦਿੱਤੇ ਜਾਣ ਅਤੇ ਮਾਨਸਾ ਵਿੱਚ ਅਧਿਆਪਕਾਂ ਉੱਪਰ ਅੱਤਿਆਚਾਰ ਕਰਨ ਵਾਲੇ ਡੀਐੱਸਪੀ ਨੂੰ ਤੁਰੰਤ ਬਰਖਾਸਤ ਕਰਕੇ ਪਰਚਾ ਦਰਜ ਕੀਤਾ ਜਾਵੇ।