ਲਖਵਿੰਦਰ ਸਿੰਘ
ਮਲੋਟ, 8 ਮਈ
ਅੱਜ ਪਿੰਡ ਆਲਮਵਾਲਾ ਦੇ ਸਮੂਹ ਕਿਸਾਨਾਂ ਨੇ ਪਿੰਡ ਦੇ ਗੁਰਦੁਆਰੇ ’ਚ ਸਰਕਾਰ ਵੱਲੋਂ ਝੋਨਾ ਲਾਉਣ ਦੀ ਮਿਥੀ ਤਰੀਕ, 24 ਜੂਨ ਦਾ ਵਿਰੋਧ ਕੀਤਾ ਤੇ ਕਿਹਾ ਕਿ 24 ਤਰੀਕ ਤੋਂ ਬਾਅਦ ਲਾਇਆ ਝੋਨਾ ਪਿਛੇਤਾ ਹੋ ਜਾਵੇਗਾ, ਝਾੜ ’ਤੇ ਮਾੜਾ ਅਸਰ ਪੈਣ ਦੇ ਨਾਲ ਨਾਲ ਮੰਡੀਕਰਨ ਮੌਕੇ ਨਮੀਂ ਦੀ ਮਾਤਰਾ ਵੀ ਨਹੀਂ ਟੁੱਟੇਗੀ।
ਕੌਮੀ ਕਿਸਾਨ ਯੂਨੀਅਨ ਦੇ ਪ੍ਰਧਾਨ ਲੱਖਾ ਸਰਮਾ, ਬਲਤੇਜ ਸਿੰਘ ਸੇਖੋਂ ਆਦਿ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੇਮ ਪ੍ਰਭਾਵਿਤ ਪਿੰਡਾਂ ਨੂੰ ਅਗੇਤਾ ਝੋਨਾ ਲਾਉਣ ਲਈ ਵਿਸ਼ੇਸ਼ ਛੋਟ ਦਿੱਤੀ ਜਾਂਦੀ ਸੀ ਪਰ ਇਸ ਵਾਰ ਉਹ ਵੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਕੀਤੀ 24 ਜੂਨ ਦੀ ਤਰੀਕ ਬਹੁਤ ਲੇਟ ਹੈ, ਜਿਸਦਾ ਫਸਲ ਦੇ ਝਾੜ ’ਤੇ ਵੀ ਬੁਰਾ ਪ੍ਰਭਾਵ ਪਵੇਗਾ ਤੇ ਪਿਛੇਤਾ ਹੋਣ ਕਰਕੇ ਅੱਗੇ ਠੰਢ ਆ ਜਾਵੇਗੀ, ਝੋਨੇ ’ਚ ਨਮੀਂ ਦੀ ਮਾਤਰਾ ਵੀ ਨਹੀਂ ਘਟੇਗੀ, ਫਿਰ ਕਿਸਾਨਾਂ ਨੂੰ ਫਸਲ ਤੁਲਵਾਉਣ ਲਈ ਕਾਟ ਦੇਣ ਲਈ ਮਜਬੂਰ ਹੋਣਾ ਪਵੇਗਾ। ਓਧਰ, ਮੰਡੀਆਂ ’ਚ ਬਾਸਮਤੀ ਤੇ ਝੋਨੇ ਦੀ ਫਸਲ ਇਕੱਠੀ ਆਉਣ ਕਰਕੇ ਮੰਡੀਕਰਨ ਦੀ ਵੀ ਦਿੱਕਤ ਆਵੇਗੀ। ਉਨ੍ਹਾਂ ਕਿਹਾ ਕਿ 24 ਜੂਨ ਤੋਂ ਬਾਅਦ ਬਾਸਮਤੀ ਲੱਗਣੀ ਸ਼ੁਰੂ ਹੋ ਜਾਵੇਗੀ, ਝੋਨੇ ਤੇ ਬਾਸਮਤੀ ਨੂੰ ਕਿਸਾਨ ਇਕੱਠਾ ਪਾਣੀ ਲਾਉਣਗੇ, ਜਿਸ ਕਾਰਨ ਪਾਣੀ ਦੀ ਖਪਤ ਵੀ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਮੱਦੇਨਜਰ ਸਰਕਾਰ ਝੋਨਾ ਲਾਉਣ ਦੀ ਤਰੀਕ ਵਿੱਚ ਤਬਦੀਲੀ ਕਰੇ ਤੇ ਸ੍ਰੀ ਮੁਕਤਸਰ ਸਾਹਿਬ ਦੇ ਸੇਮ ਪ੍ਰਭਾਵਿਤ ਕਿਸਾਨਾਂ ਨੂੰ ਵਿਸ਼ੇਸ਼ ਛੋਟ ਦਿੰਦਿਆਂ 24 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਇਜਾਜ਼ਤ ਦੇਵੇ।
ਅੱਠ ਦੀ ਬਜਾਏ ਪੰਜ ਘੰਟੇ ਬਿਜਲੀ ਦੇਣ ’ਤੇ ਕਿਸਾਨਾਂ ’ਚ ਰੋਹ
ਸਿਰਸਾ (ਪ੍ਰਭੂ ਦਿਆਲ) ਹਰਿਆਣਾ ਸਰਕਾਰ ਵੱਲੋਂ ਖੇਤੀ ਲਈ ਅੱਠ ਘੰਟਿਆਂ ਦੀ ਬਜਾਏ ਪੰਜ ਘੰਟੇ ਬਿਜਲੀ ਦਿੱਤੇ ਜਾਣ ’ਤੇ ਕਿਸਾਨਾਂ ’ਚ ਰੋਹ ਪੈਦਾ ਹੋ ਗਿਆ ਹੈ। ਝੋਨੇ ਵੇਲੇ ਬਿਜਲੀ ਸੰਕਟ ਹੋਰ ਵਧਣ ਦਾ ਵੀ ਖ਼ਦਸ਼ਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਟਿਊਬਵੈੱਲਾਂ ਲਈ ਅੱਠ ਘੰਟੇ ਨਿਰਵਿਘਣ ਬਿਜਲੀ ਦੀ ਮੰਗ ਕੀਤੀ ਜਾ ਰਹੀ ਹੈ। ਟਿਊਬਵੈੱਲਾਂ ਲਈ ਅੱਠ ਘੰਟ ਬਿਜਲੀ ਨਾ ਮਿਲਣ ’ਤੇ ਕਿਸਾਨਾਂ ਨੇ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ।ਕਿਸਾਨ ਸਭਾ ਦੇ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਖੇਤੀ ਸੈਕਟਰ ਲਈ ਹੁਣ ਪੰਜ ਘੰਟੇ ਬਿਜਲੀ ਦਿੱਤੇ ਜਾਣ ਦੀ ਨੀਤੀ ਬਣਾਈ ਗਈ ਹੈ ਜਿਸ ਦਾ ਅਸਰ ਸਾਉਣੀ ਦੀ ਫ਼ਸਲ ’ਤੇ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਗਰਮੀ ਕਾਰਨ ਨਰਮੇ ਦੇ ਪੌਦੇ ਝੁਲਸ ਰਹੇ ਹਨ। ਜਿਥੇ ਹੁਣ ਨਰਮੇ ਦੀ ਫ਼ਸਲ ਲਈ ਪਾਣੀ ਦੀ ਲੋੜ ਹੈ, ਉਥੇ ਹੀ ਅਗਲੇ ਕੁਝ ਦਿਨਾਂ ’ਚ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਜਾਵੇਗਾ। ਉਦੋਂ ਹੋਰ ਵੱਧ ਬਿਜਲੀ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜ ਘੰਟਿਆਂ ਦੀ ਬਿਜਲੀ ਸਪਲਾਈ ਨਾਲ ਤਾਂ ਨਰਮੇ ਵਾਲੇ ਖੇਤਰ ’ਚ ਹੀ ਪਾਣੀ ਪੂਰਾ ਨਹੀਂ ਹੋ ਸਕੇਗਾ। ਇਸੇ ਤਰ੍ਹਾਂ ਕਿਸਾਨ ਆਗੂ ਰੋਸ਼ਨ ਸੁਚਾਨ, ਤਿਲਕ ਰਾਜ ਵਿਨਾਇਕ ਲੱਖਵਿੰਦਰ ਸਿੰਘ ਔਲਖ, ਡਾ. ਸੁਖਦੇਵ ਸਿੰਘ ਜੰਮੂ ਨੇ ਕਿਹਾ ਹੈ ਇਕ ਪਾਸੇ ਖੇਤੀ ਸੈਕਟਰ ਨੂੰ ਦਿੱਤੀ ਜਾਣ ਵਾਲੀ ਬਿਜਲੀ ’ਤੇ ਕੱਟ ਲਾਇਆ ਜਾ ਰਿਹਾ ਹੈ, ਦੂਜੇ ਪਾਸੇ ਅਡਾਣੀ ਤੋਂ ਮਹਿੰਗੇ ਭਾਅ ਦੀ ਬਿਜਲੀ ਦੀ ਖਰੀਦ ਕਰਕੇ ਸੂਬੇ ਦਾ ਮਾਲੀਆ ਪੂੰਜੀਪਤੀਆਂ ਨੂੰ ਲੁਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਅੱਠ ਘੰਟੇ ਨਿਰਵਿਘਣ ਬਿਜਲੀ ਨਾ ਦਿੱਤੀ ਗਈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਸੂਬੇ ’ਚ ਤਿੱਖਾ ਅੰਦੋਲਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਨਹਿਰਾਂ ਵਿੱਚ ਵੀ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਦੇਣ ਦੀ ਮੰਗ ਕੀਤੀ ਹੈ।