ਜੋਗਿੰਦਰ ਸਿੰਘ ਮਾਨ
ਮਾਨਸਾ, 3 ਨਵੰਬਰ
ਹੁਣ ਪੈਟਰੋਲੀਅਮ ਮੰਤਰਾਲੇ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਹਰ-ਰੋਜ਼ ਵਧਾਈਆਂ ਜਾ ਰਹੀਆਂ ਕੀਮਤਾਂ ਦਾ ਸਭ ਤੋਂ ਵੱਧ ਅਸਰ ਕਿਸਾਨੀ ਉਪਰ ਪੈਣ ਲੱਗਿਆ ਹੈ। ਅੱਜ-ਕੱਲ ਜਦੋਂ ਕਿਸਾਨ ਹਾੜੀ ਦੀ ਬਿਜਾਈ ਵਿਚ ਉਲਝਿਆ ਹੋਇਆ ਹੈ ਤਾਂ ਉਸ ਨੂੰ ਹਾਲ ਹੀ ਵਿਚ ਵਧਾਏ ਡੀਜ਼ਲ ਦੀਆਂ ਕੀਮਤਾਂ ਵੱਧ ਤਾਰਨੀਆਂ ਪੈਣ ਲੱਗੀਆਂ ਹਨ। ਸੌ ਰੁਪਏ ਤੋਂ ਉਪਰ ਹੋਏ ਡੀਜ਼ਲ ਨੇ ਸਭ ਤੋਂ ਵੱਧ ਰਗੜਾ ਕਿਸਾਨੀ ਨੂੰ ਲਾਇਆ ਹੈ। ਕਿਸਾਨ ਨੂੰ ਡੀਜ਼ਲ ਨੇ ਸਭ ਤੋਂ ਵੱਡੀ ਮਾਰ ਪਾਈ ਹੈ, ਜਿਸ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਹੈ। ਸਮੇਂ ਸਿਰ ਨਹਿਰੀ ਪਾਣੀ ਅਤੇ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਬੇਲੋੜਾ ਮਹਿੰਗਾ ਡੀਜ਼ਲ ਫੂਕਿਆ ਜਾ ਰਿਹਾ ਹੈ। ਡੀਜ਼ਲ ਦੇ ਹਰ ਰੋਜ਼ ਵਾਧੇ ਨਾਲ ਸਮੁੱਚੇ ਅਰਥਚਾਰੇ ਤੇ ਕਾਰੋਬਾਰ ਉਪਰ ਬਹੁਤ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸਰਕਾਰ ਆਪਣਾ ਖਜ਼ਾਨਾ ਭਰਨ ਲਈ ਪੈਟਰੋਲੀਅਮ ਪਦਾਰਥਾਂ ’ਤੇ ਬਹੁਤ ਜ਼ਿਆਦਾ ਟੈਕਸ ਲਗਾ ਰਹੀ ਹੈ, ਜਿਸ ਦਾ ਭਾਰ ਆਮ ਆਦਮੀ ’ਤੇ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਕੀਤੀ ਗਈ ਬਿਜਲੀ ਦਰਾਂ ਵਿੱਚ ਕਟੌਤੀ ਚੰਗੀ ਗੱਲ ਹੈ, ਪਰ ਅੱਜ ਦੇ ਸਮੇਂ ਵਿੱਚ ਅਸਮਾਨੀ ਪੁੱਜੀਆਂ ਤੇਲ ਦੀਆਂ ਕੀਮਤਾਂ ਨੇ ਕਿਸਾਨਾਂ ਸਮੇਤ ਸਭ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਡੀਜ਼ਲ ਦੇ ਭਾਅ ’ਚ ਕੁਝ ਕਟੌਤੀ ਕੀਤੀ ਹੈ ਤੇ ਹੁਣ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੀ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਟੈਕਸ ਘਟਾ ਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਵੇ।