ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੂਨ
ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਹੋਣ ਦਾ ਲਾਹਾ ਲੈ ਕੇ ਹੁਣ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਆਪਣੇ ਬੱਚਿਆਂ ਨੂੰ ਝੋਨੇ ਦੀ ਲੁਵਾਈ ਲਈ ਖੇਤਾਂ ਵਿੱਚ ਲਿਜਾਇਆ ਜਾਣ ਲੱਗਿਆ ਹੈ। ਮਾਲਵਾ ਖੇਤਰ ਵਿਚ ਝੋਨੇ ਦੀ ਲਵਾਈ ਦੇ ਤੀਜੇ ਦਿਨ ਹੀ ਪਰਵਾਸੀ ਮਜ਼ਦੂਰਾਂ ਦੀ ਖੇਤਾਂ ਵਿੱਚ ਘਾਟ ਰੜਕਦੀ ਰਹੀ। ਕਿਸਾਨਾਂ ਨੇ ਪਰਵਾਸੀ ਮਜ਼ਦੂਰਾਂ ਦੇ ਘੱਟ ਗਿਣਤੀ ਵਿਚ ਪੁੱਜਣ ਕਰ ਕੇ ਅੱਜ ਪਿੰਡਾਂ ਦੀ ਦੇਸੀ ਲੇਬਰ ਤੋਂ ਝੋਨਾ ਲਵਾਉਣਾ ਸ਼ੁਰੂ ਕਰ ਦਿੱਤਾ ਹੈ। ਮੀਂਹ ਪੈਣ ਕਾਰਨ ਝੋਨੇ ਦੀ ਲੁਵਾਈ ਦਾ ਜ਼ੋਰ ਪੈ ਗਿਆ ਹੈ ਇਸ ਕਰ ਕੇ ਮਾਪੇ ਘਰਾਂ ਵਿੱਚ ਬੈਠੇ ਬੱਚਿਆਂ ਨੂੰ ਵੀ ਖੇਤਾਂ ਵਿੱਚ ਨਾਲ ਲਿਜਾਣ ਲੱਗੇ ਹਨ।
ਦਿਲਚਸਪ ਗੱਲ ਹੈ ਕਿ ਝੋਨੇ ਦੀ ਲੁਵਾਈ ਵੇਲੇ ਅਚਾਨਕ ਠੰਢ ਦਾ ਲਾਹਾ ਲੈ ਕੇ ਕਿਸਾਨਾਂ ਦੇ ਬੱਚਿਆਂ ਤੋਂ ਇਲਾਵਾ ਹੋਰ ਪਰਿਵਾਰਕ ਜੀਅ ਵੀ ਖੇਤਾਂ ਵਿੱਚ ਕੰਮ ਕਰਵਾਉਣ ਲਈ ਜੁਟੇ ਵਿਖਾਈ ਦਿੱਤੇ ਹਨ।
ਭਾਵੇਂ ਪਹਿਲਾਂ ਇਹ ਬੱਚੇ ਖੇਤਾਂ ਵਿੱਚ ਝੋਨਾ ਲਾਉਣ ਸਮੇਂ ਪਨੀਰੀ ਪੁੱਟਣ, ਚਾਹ-ਰੋਟੀ ਫੜਾਉਣ ਅਤੇ ਹੋਰ ਛੋਟੇ-ਮੋਟੇ ਕਾਰਜ ਪਹਿਲਾਂ ਹੀ ਕਰਦੇ ਸਨ, ਪਰ ਹੁਣ ਇਨ੍ਹਾਂ ਨੂੰ ਕਿਸਾਨਾਂ-ਮਜ਼ਦੂਰਾਂ ਵੱਲੋਂ ਨਾਲ ਝੋਨਾ ਲਾਉਣ ਲਈ ਲਗਾਇਆ ਜਾ ਰਿਹਾ ਹੈ। ਖੇਤਾਂ ਵਿੱਚ ਠੰਢ ਦਾ ਲਾਹਾ ਲੈ ਕੇ ਝੋਨਾ ਲਾਉਣ ਦਾ ਕਾਰਜ ਕਰੀਬ ਦਿਨ-ਰਾਤ ਚੱਲਣ ਲੱਗਿਆ ਹੈ। ਹੁਣ ਬਹੁਤੇ ਕਿਸਾਨ ਕੱਦੂ ਦਿਨ ਚੜ੍ਹਦੇ ਤੋਂ ਪਹਿਲਾਂ ਹੀ ਕਰ ਰੱਖਦੇ ਹਨ ਅਤੇ ਸਾਰਾ ਦਿਨ ਝੋਨੇ ਦੀ ਲੁਵਾਈ ਲਈ ਕੰਮ ਚੱਲਦਾ ਰਹਿੰਦਾ ਹੈ।
ਝੋਨੇ ਦੀ ਲੁਵਾਈ ਦੇ ਇਨ੍ਹਾਂ ਅਹਿਮ ਦਿਨਾਂ ਦੌਰਾਨ ਕਿਸਾਨਾਂ-ਮਜ਼ਦੂਰਾਂ ਦੇ ਘਰਾਂ ਵਿੱਚ ਸਿਰਫ਼ ਇੱਕ-ਇੱਕ ਜੀਅ ਹੀ ਦਿਨ ਵੇਲੇ ਰਹਿ ਜਾਂਦਾ ਹੈ ਅਤੇ ਬਾਕੀ ਸਾਰਾ ਟੱਬਰ ਦਿਨ ਚੜ੍ਹਦੇ ਨੂੰ ਖੇਤਾਂ ਵਿੱਚ ਜਾ ਵੜਦਾ ਹੈ ਅਤੇ ਟਿੱਕੀ ਛਿਪੀ ਤੋਂ ਹੀ ਘਰਾਂ ਨੂੰ ਮੁੜਦੇ ਹਨ।
ਝੋਨੇ ਦੇ ਸੀਜ਼ਨ ਲਈ ਪਾਵਰਕੌਮ ਵੱਲੋਂ ਪ੍ਰਬੰਧ ਮੁਕੰਮਲ
ਝੋਨੇ ਲਈ ਪਾਵਰਕੌਮ ਵੱਲੋਂ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਕਿਸਾਨਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਫੀਡਰਾਂ ਵਿੱਚ ਕਿਸੇ ਵਿਘਨ ਕਾਰਨ ਸਪਲਾਈ ਵਿੱਚ ਨੁਕਸ ਪੈਂਦਾ ਹੈ, ਉੱਥੇ ਬਿਜਲੀ ਦਾ ਰਹਿੰਦਾ ਸਮਾਂ ਪੂਰਾ ਕਰ ਦਿੱਤਾ ਜਾਂਦਾ ਹੈ। ਪਾਵਰਕੌਮ ਦੇ ਅਧਿਕਾਰੀ ਸਾਹਿਲ ਗੁਪਤਾ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਲੁਵਾਈ ਲਈ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਖੇਤੀ ਖੇਤਰ ਲਈ ਪੈਂਦੇ ਨੁਕਸਾਂ ਨੂੰ ਤੁਰੰਤ ਦੂਰ ਕਰਵਾਇਆ ਜਾਂਦਾ ਹੈ ਅਤੇ ਰਹਿ ਗਈ ਬਿਜਲੀ ਨੂੰ ਪੂਰਿਆ ਜਾਣ ਲੱਗਾ ਹੈ।