ਸੁੰਦਰ ਨਾਥ ਆਰਿਆ
ਅਬੋਹਰ, 4 ਮਈ
ਨੇੜਲੇ ਪਿੰਡ ਖੂਈਆਂ ਸਰਵਰ, ਹਰੀਪੁਰਾ ਅਤੇ ਤੇਲੂਪੁਰਾ ਨੂੰ ਜਾਣ ਵਾਲੇ ਪੰਜਾਵਾ ਮਾਈਨਰ ਦੇ ਮੋਘਿਆਂ ਨੂੰ ਉੱਚਾ ਚੁੱਕਣ ਵਿਰੁੱਧ ਇਨ੍ਹਾਂ ਤਿੰਨਾਂ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਫਾਜ਼ਿਲਕਾ ਦੇ ਵਿਧਾਇਕ ਨੇ ਆਪਣੇ ਇਲਾਕੇ ਨੂੰ ਨਹਿਰੀ ਪਾਣੀ ਪਹੁੰਚਾਉੁਣ ਦੇ ਮਕਸਦ ਨਾਲ ਨਹਿਰਾਂ ਦੇ ਮੋਘਿਆਂ ਨਾਲ ਛੇੜਛਾੜ ਕੀਤੀ ਹੈ, ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨਾਂ ਦੀ ਕਣਕ ਦੀ ਫ਼ਸਲ ਚੰਗੀ ਨਹੀਂ ਸੀ ਅਤੇ ਜੇਕਰ ਹੁਣ ਵੀ ਉਨ੍ਹਾਂ ਨੂੰ ਪੂਰਾ ਪਾਣੀ ਨਾ ਮਿਲਿਆ ਤਾਂ ਉਨ੍ਹਾਂ ਦੀ ਨਰਮੇ ਦੀ ਬਿਜਾਈ ਸਮੇਂ ਸਿਰ ਨਹੀਂ ਹੋਵੇਗੀ।
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਕਮੇਟੀ ਮੈਂਬਰ ਕੁਲਵੰਤ ਕੀਰਤੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੇਜ ਗੇਜੀ, ਜ਼ਿਲ੍ਹਾ ਪ੍ਰਧਾਨ ਸੁਖਚਰਨ ਸਿੰਘ ਅਤੇ ਜੈਮਲ ਰਾਮ ਨੇ ਆਖਿਆ ਕਿ ਪਿਛਲੇ 70 ਸਾਲਾਂ ਤੋਂ ਚੱਲ ਰਹੇ ਖਾਲ ਨੂੰ ਸਿਆਸੀ ਦਬਾਅ ਕਾਰਨ ਛੋਟਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੇ ਖੇਤਾਂ ਦੀ ਸਹੀ ਢੰਗ ਨਾਲ ਸਿੰਚਾਈ ਨਹੀਂ ਹੋ ਰਹੀ, ਜਦਕਿ ਕਿਸਾਨਾਂ ਦੇ ਬਾਗ ਪਹਿਲਾਂ ਹੀ ਤੇਜ਼ ਗਰਮੀ ਕਾਰਨ ਤਬਾਹ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਅੱਜ ਉਨ੍ਹਾਂ ਦੀ ਗੱਲ ਨਾ ਸੁਣਨ ਕਾਰਨ ਉਨ੍ਹਾਂ ਨੂੰ ਇਹ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਜੇਕਰ ਨਹਿਰੀ ਵਿਭਾਗ ਨੇ ਜਲਦੀ ਹੀ ਮੋਘਿਆਂ ਨੂੰ ਦਰੁਸਤ ਕਰਕੇ ਪਾਣੀ ਮੁਹੱਈਆ ਨਾ ਕਰਵਾਇਆ ਤਾਂ ਉਹ ਕੌਮੀ ਮਾਰਗ ’ਤੇ ਧਰਨਾ ਦੇਣਗੇ।
ਇਸ ਸਬੰਧੀ ਐਕਸੀਅਨ ਰਮਨਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਨਹਿਰਾਂ ਦੇ ਰੁਟੀਨ ਨਿਰੀਖਣ ਦੌਰਾਨ ਜੋ ਮੋਘੇ ਨਿਯਮਾਂ ਅਨੁਸਾਰ ਠੀਕ ਨਹੀਂ ਸਨ, ਉਨ੍ਹਾਂ ਨੂੰ ਠੀਕ ਕਰ ਦਿੱਤਾ ਗਿਆ ਹੈ। ਅੱਜ ਕਿਸਾਨ ਅਤੇ ਯੂਨੀਅਨ ਆਗੂ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਪੁੱਜੇ ਹਨ। ਉਨ੍ਹਾਂ ਕਿਸਾਨਾਂ ਵੱਲੋਂ ਲਗਾਏ ਗਏ ਸਿਆਸੀ ਦਬਾਅ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜੇਕਰ ਕਿਸਾਨ ਮੀਟਿੰਗ ਕਰਕੇ ਉਨ੍ਹਾਂ ਨਾਲ ਗੱਲ ਕਰਨਗੇ ਤਾਂ ਉਹ ਮੌਕੇ ਦਾ ਮੁਆਇਨਾ ਕਰਨਗੇ ਅਤੇ ਜੇਕਰ ਕੁਝ ਖਾਮੀਆਂ ਪਾਈਆਂ ਗਈਆਂ ਤਾਂ ਉਸ ਨੂੰ ਸੁਧਾਰਿਆ ਜਾਵੇਗਾ।ਇਸ ਮੌਕੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਉਹ ਪਹਿਲਾਂ ਵੀ ਕਿਸਾਨਾਂ ਦੇ ਨਾਲ ਖੜ੍ਹੇ ਸਨ ਅਤੇ ਹੁਣ ਵੀ। ਉਨ੍ਹਾਂ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਕਿਹਾ ਕਿ ਸਾਰੇ ਕਿਸਾਨਾਂ ਨੂੰ ਬਿਨਾਂ ਭੇਤਭਾਵ ਤੋਂ ਪੂਰਾ ਪਾਣੀ ਦਿੱਤਾ ਜਾਵੇ।