ਸ਼ਗਨ ਕਟਾਰੀਆ
ਬਠਿੰਡਾ, 11 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦੇ ਬਾਹਰ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਵਿਖਾਵਾਕਾਰੀਆਂ ਦਾ ਕਹਿਣਾ ਸੀ ਕਿ ਮੀਟਿੰਗ ਲਈ ਸਮਾਂ ਦੇਣ ਦੇ ਬਾਵਜੂਦ ਤਹਿਸੀਲਦਾਰ ਵੱਲੋਂ ਕਿਸਾਨ ਵਫ਼ਦ ਨੂੰ ਡੀ.ਸੀ. ਨਾਲ ਮਿਲਾਇਆ ਨਹੀਂ ਜਾ ਰਿਹਾ। ਯੂਨੀਅਨ ਦੇ ਸੂਬਾਈ ਸਕੱਤਰ ਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕੇਂਦਰ ਦੇ ‘ਭਾਰਤ ਮਾਲਾ’ ਪ੍ਰਾਜੈਕਟ ਅਧੀਨ ਉਸਾਰੀ ਅਧੀਨ ਸੜਕ ਲਈ ਐਕੁਆਇਰ ਕੀਤੀਆਂ ਜ਼ਮੀਨਾਂ ਦਾ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਸ ਮੁੱਦੇ ’ਤੇ ਯੂਨੀਅਨ ਵੱਲੋਂ ਲੰਮੇ ਅਰਸੇ ਤੋਂ ਘੋਲ ਲੜਿਆ ਜਾ ਰਿਹਾ ਹੈ ਤੇ ਇਸੇ ਕੜੀ ਤਹਿਤ ਬਠਿੰਡਾ-ਡੱਬਵਾਲੀ ਰੋਡ ’ਤੇ ਪਿੰਡ ਪਥਰਾਲਾ ਵਿੱਚ ਪੱਕਾ ਧਰਨਾ ਵੀ ਚੱਲ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਉਸਾਰੀ ਅਧੀਨ ਕੌਮੀ ਸੜਕ ਲਈ ਸਰਕਾਰ ਵੱਲੋਂ ਕਬਜ਼ੇ ਹੇਠ ਲਈਆਂ ਜ਼ਮੀਨਾਂ ਤੇ ਰਸਤੇ ’ਚ ਆਉਂਦੀਆਂ ਇਮਾਰਤਾਂ ਦਾ ਮੁੱਲ ਕੌਡੀਆਂ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲ ਕੀਮਤ ਦਾ ਸਿਰਫ ਛੇਵਾਂ ਹਿੱਸਾ ਮੁੱਲ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਦਰੱਖ਼ਤਾਂ, ਘਰਾਂ ਜਾਂ ਹੋਰ ਜਾਇਦਾਦ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਰਿਹਾ। ਆਗੂਆਂ ਨੇ ਦੱਸਿਆ ਕਿ ਚੱਲ ਰਹੇ ਧਰਨੇ ’ਚ ਸੁਣਵਾਈ ਨਾ ਹੁੰਦੀ ਵੇਖ ਲੰਘੇ ਐਤਵਾਰ ਪਥਰਾਲਾ ਪਿੰਡ ਦੇ ਧਰਨੇ ਕੋਲ ਬਠਿੰਡਾ-ਡੱਬਵਾਲੀ ਮਾਰਗ ਜਾਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚੇ ਤਹਿਸੀਲਦਾਰ ਬਠਿੰਡਾ ਵੱਲੋਂ ਮਸਲੇ ਨੂੰ ਸੁਲਝਾਉਣ ਲਈ ਅੱਜ 11 ਵਜੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦਾ ਸਮਾਂ ਤੈਅ ਹੋਣ ’ਤੇ ਜਾਮ ਖੋਲ੍ਹ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦਾ ਵਫ਼ਦ ਅੱਜ ਡੀ.ਸੀ. ਨਾਲ ਮੀਟਿੰਗ ਲਈ ਬਠਿੰਡੇ ਆਇਆ ਤਾਂ ਡੇਢ ਘੰਟੇ ਦੀ ਖੱਜਲ ਖੁਆਰੀ ਦੇ ਬਾਅਦ ਵੀ ਤਹਿਸੀਲਦਾਰ ਵੱਲੋਂ ਕਥਿਤ ਤੌਰ ’ਤੇ ਟਾਲ-ਮਟੋਲ ਕੀਤੀ ਜਾਂਦੀ ਰਹੀ। ਇਸ ਤੋਂ ਖ਼ਫ਼ਾ ਹੋਏ ਕਿਸਾਨਾਂ ਨੇ ਮਿਨੀ ਸਕੱਤਰੇਤ ਅੱਗੇ ਤਹਿਸੀਲਦਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਾਅਦ ’ਚ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਨਾਲ ਮਿਲਾਇਆ ਗਿਆ ਤੇ ਉਨ੍ਹਾਂ ਇੱਕ ਮੰਗ ਪੱਤਰ ਡੀ.ਸੀ. ਨੂੰ ਦਿੱਤਾ। ਡਿਪਟੀ ਕਮਿਸ਼ਨਰ ਨੇ ਕੁਝ ਦਿਨਾਂ ’ਚ ਹੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਕਿਸਾਨ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਜੇ ਮਸਲੇ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਕੀਤਾ ਜਾਵੇਗਾ।