ਪੱਤਰ ਪ੍ਰੇਰਕ
ਭੁੱਚੋ ਮੰਡੀ, 13 ਸਤੰਬਰ
ਪਿੰਡ ਭੁੱਚੋ ਖੁਰਦ ਦੀ ਰੇਲਵੇ ਸੰਘਰਸ਼ ਕਮੇਟੀ ਨੇ ਰੇਲਵੇ ਅਧਿਕਾਰੀਆਂ ਤੋਂ ਧਰਨੇ ਦੌਰਾਨ ਦਿੱਤੇ ਭਰੋਸੇ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਅਧਿਕਾਰੀਆਂ ਨੂੰ ਮੰਗ ਪੱਤਰ ਅਤੇ ਚਿਤਾਵਨੀ ਪੱਤਰ ਸੌਂਪਣ ਲਈ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਪੰਚਾਇਤੀ ਨੁਮਾਇੰਦਿਆਂ ਦਾ ਇੱਕ ਵਫ਼ਦ ਅੱਜ ਪਿੰਡ ਭੁੱਚੋ ਖੁਰਦ ਤੋਂ ਰਵਾਨਾ ਹੋਇਆ। ਇਸ ਮੌਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਆਗੂ ਚੰਦ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ, ਹਰਭਗਵਾਨ ਸਿੰਘ ਅਤੇ ਸਰਪੰਚ ਬਲਤੇਜ ਸਿੰਘ ਨੇ ਦੱਸਿਆ ਕਿ ਪਿੰਡ ਭੁੱਚੋ ਖੁਰਦ ਦੇ ਖੇਤਾਂ ਵਿੱਚੋਂ ਲੰਘਦੀ ਬਠਿੰਡਾ-ਅੰਬਾਲਾ ਰੇਲਵੇ ਲਾਈਨ ’ਤੇ ਚਾਰ ਲਾਂਘੇ ਪੈਂਦੇ ਹਨ। ਰੇਲਵੇ ਵਿਭਾਗ ਨੇ ਦੋ ਸਾਲ ਪਹਿਲਾਂ 131 ਨੰਬਰ ਲਾਂਘਾ ਬੰਦ ਕਰ ਦਿੱਤਾ ਸੀ ਅਤੇ ਇਸ ਆਵਾਜਾਈ ਨੂੰ ਇੱਕ ਨਵੀਂ ਸੜਕ ਬਣਾ ਕੇ 132 ਨੰਬਰ ਲਾਂਘੇ ਵਿੱਚੋਂ ਦੀ ਤਬਦੀਲ ਦਿੱਤਾ ਸੀ। ਹੁਣ ਰੇਲਵੇ ਵਿਭਾਗ ਵੱਲੋਂ ਇਸ ਸੜਕ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਨਾਲ 131 ਨੰਬਰ ਲਾਂਘੇ ਤੋਂ ਲੰਘਣ ਵਾਲੇ ਕਿਸਾਨਾਂ ਨੂੰ ਮੁਸ਼ਕਿਲ ਪੈਦਾ ਹੋ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਜ਼ਮੀਨਦੋਜ਼ ਪੁਲ ਤੋਂ 15-15 ਫੁੱਟ ਚੌੜੇ ਰਾਸਤੇ ਬਣਾਏ ਜਾਣ ਅਤੇ 131 ਤੋਂ 132 ਲਾਂਘੇ ਤੱਕ ਜਾਂਦੀ ਸੜਕ ਨੂੰ ਚਾਲੂ ਨਾ ਰੱਖਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀ ਸਮੱਸਿਆ ਹੱਲ ਨਾ ਕੀਤੀ, ਤਾਂ ਉਹ ਰੇਲਵੇ ਵਿਭਾਗ ਦਾ ਸਖ਼ਤ ਵਿਰੋਧ ਕਰਨਗੇ ਅਤੇ ਕੋਈ ਵੀ ਸਮੱਗਰੀ ਪਿੰਡ ਵਿੱਚੋਂ ਨਹੀਂ ਲੰਘਣ ਦੇਣਗੇ।