ਜਸਵੰਤ ਜੱਸ
ਫ਼ਰੀਦਕੋਟ, 19 ਮਈ
ਇਸ ਸ਼ਹਿਰ ਦੀਆਂ ਗਰੀਬ ਆਬਾਦੀ ਵਾਲੀਆਂ ਬਸਤੀਆਂ ਦੀਆਂ ਔਰਤਾਂ ਨੇ ਅੱਜ ਇੱਕਮੁੱਠ ਹੋ ਕੇ ਨਸ਼ਾ ਤਸਕਰਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ। ਔਰਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਕਲੋਨੀ ਵਿੱਚ 20 ਦੇ ਕਰੀਬ ਨਸ਼ਾ ਤਸਕਰ ਸਰਗਰਮ ਹਨ ਅਤੇ ਕਲੋਨੀ ਦੇ ਵਾਸੀ ਨਸ਼ਾ ਤਸਕਰਾਂ ਬਾਰੇ ਕਈ ਵਾਰ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ। ਮਹਿੰਦਰ ਕੌਰ ਅਤੇ ਸ਼ਿੰਦਰ ਕੌਰ ਨੇ ਕਿਹਾ ਕਿ ਉਹ ਡਾਂਗਾਂ ਨਾਲ ਆਪਣੀ ਕਲੋਨੀ ਵਿੱਚ ਪਹਿਰਾ ਦੇਣਗੀਆਂ। ਔਰਤਾਂ ਨੇ ਦੋਸ਼ ਲਾਇਆ ਕਿ ਪੁਲੀਸ ਦੇ ਕੁੱਝ ਅਧਿਕਾਰੀ ਸ਼ਰੇਆਮ ਗਰੀਬ ਬਸਤੀਆਂ ਵਿੱਚ ਨਸ਼ਾ ਵਿਕਵਾ ਰਹੇ ਹਨ। ਇਹ ਮਾਮਲਾ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਫਰੀਦਕੋਟ ਦੇ ਐੱਸਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਸ਼ਹਿਰ ਦੀ ਬਾਜ਼ੀਗਰ ਬਸਤੀ ਅਤੇ ਸ਼ਹੀਦ ਬਲਵਿੰਦਰ ਸਿੰਘ ਨਗਰ ਦੀਆਂ ਔਰਤਾਂ ਨੇ ਕੁੱਝ ਪੁਲੀਸ ਅਧਿਕਾਰੀਆਂ ‘ਤੇ ਨਸ਼ਾ ਵਿਕਾਉਣ ਅਤੇ ਪੈਸੇ ਲੈ ਕੇ ਤਸਕਰਾਂ ਨੂੰ ਛੱਡਣ ਦੇ ਦੋਸ਼ ਲਾਏ ਹਨ, ਜਿਨ੍ਹਾਂ ਪੁਲੀਸ ਅਧਿਕਾਰੀਆਂ ‘ਤੇ ਇਹ ਦੋਸ਼ ਲਾਏ ਗਏ ਹਨ, ਉਨ੍ਹਾਂ ਖਿਲਾਫ਼ ਪੜਤਾਲ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਮੁਹੱਲੇ ਦੀਆਂ ਔਰਤਾਂ ਨੇ ਅੱਜ ਇਸ ਸਬੰਧੀ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਿਧਾਇਕ ਨੇ ਔਰਤਾਂ ਦੇ ਵਫ਼ਦ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਰੋਸਾ ਦਿੱਤਾ ਕਿ ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਉਹ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਚੰਡੀਗੜ੍ਹ ਜਾ ਰਹੇ ਹਨ।